ਵਾਹਿਗੁਰੂ ਦੇ ਬਚਨ ਦੇ ਮਹਾਤਮਾਂ ਦਾ ਧਿਆਨ

1. ਅਲਫ਼ ਸ਼ੁੱਧ ਜੀਵਨ ਜਿਉਣ ਵਾਲੇ ਲੋਕ ਖੁਸ਼ ਹਨ। ਉਹ ਲੋਕ ਯਹੋਵਾਹ ਦੀਆਂ ਸਿੱਖਿਆਵਾਂ ਉੱਤੇ ਚੱਲਦੇ ਹਨ।

2. ਜਿਹੜੇ ਲੋਕ ਯਹੋਵਾਹ ਦੇ ਕਰਾਰ ਨੂੰ ਮੰਨਦੇ ਹਨ ਉਹ ਖੁਸ਼ ਹਨ। ਉਹ ਸਲਾਹ ਲਈ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ ਪੁੱਛਦੇ ਹਨ।

3. ਉਹ ਲੋਕ ਬੁਰੇ ਕੰਮ ਨਹੀਂ ਕਰਦੇ, ਉਹ ਯਹੋਵਾਹ ਨੂੰ ਮੰਨਦੇ ਹਨ।

4. ਯਹੋਵਾਹ, ਤੁਸਾਂ ਸਾਨੂੰ ਆਦੇਸ਼ ਦਿੱਤੇ ਸਨ। ਅਤੇ ਤੁਸੀਂ ਸਾਨੂੰ ਉਨ੍ਹਾਂ ਆਦੇਸ਼ਾਂ ਨੂੰ ਪੂਰੀ ਤਰ੍ਹਾਂ ਮੰਨਣ ਲਈ ਆਖਿਆ ਸੀ।

5. ਜੇ ਮੈਂ ਸਦਾ ਤੁਹਾਡੇ ਆਦੇਸ਼ਾਂ ਨੂੰ ਮੰਨਾਗਾ, ਯਹੋਵਾਹ।

6. ਫ਼ੇਰ ਮੈਂ ਕਦੇ ਵੀ ਸ਼ਰਮਸਾਰ ਨਹੀਂ ਹੋਵਾਗਾ। ਜਦੋਂ ਮੈਂ ਤੁਹਾਡੇ ਆਦੇਸ਼ਾਂ ਦਾ ਅਧਿਐਨ ਕਰਾਂਗਾ।

7. ਫ਼ੇਰ ਮੈਂ ਸੱਚਮੁੱਚ ਤੁਹਾਡਾ ਮਾਣ ਕਰ ਸੱਕਾਂਗਾ। ਜਦੋਂ ਮੈਂ ਤੁਹਾਡੀ ਨਿਰਪੱਖਤਾ ਅਤੇ ਨੇਕੀ ਦਾ ਅਧਿਐਨ ਕਰਾਂਗਾ।

8. ਯਹੋਵਾਹ, ਮੈਂ ਤੁਹਾਡੇ ਆਦੇਸ਼ ਮੰਨਾਗਾ। ਇਸ ਲਈ ਕਿਰਪਾ ਕਰਕੇ ਮੈਨੂੰ ਛੱਡ ਕੇ ਨਾ ਜਾਵੋ।

9. ਬੇਥ ਇੱਕ ਨੌਜਵਾਨ ਬੰਦਾ, ਤੁਹਾਡੀਆਂ ਸਿੱਖਿਆਵਾਂ ਉੱਤੇ ਚੱਲਦਿਆਂ, ਸ਼ੁੱਧ ਜੀਵਨ ਕਿਵੇਂ ਜਿਉਂ ਸੱਕਦਾ ਹੈ?

10. ਮੈਂ ਪਰਮੇਸ਼ੁਰ ਦੀ ਸੱਚੇ ਦਿਲੋ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਹੇ ਪਰਮੇਸ਼ੁਰ, ਤੁਹਾਡੇ ਆਦੇਸ਼ਾ ਨੂੰ ਮੰਨਣ ਵਿੱਚ ਮੇਰੀ ਮਦਦ ਕਰੋ।

11. ਮੈਂ ਤੁਹਾਡੀਆਂ ਸਿੱਖਿਆਵਾਂ ਦਾ ਅਧਿਐਨ ਬੜੇ ਧਿਆਨ ਨਾਲ ਕਰਦਾ ਹਾਂ। ਕਿਉ? ਤਾਂ ਜੋ ਮੈਂ ਤੁਹਾਡੇ ਵਿਰੁੱਧ ਗੁਨਾਹ ਨਾ ਕਰ ਸੱਕਾਂ।

12. ਹੇ ਯਹੋਵਾਹ, ਤੂੰ ਧੰਨ ਹੈਂ, ਮੈਨੂੰ ਆਪਣੇ ਨੇਮ ਸਿੱਖਾ।

13. ਮੈਂ ਤੁਹਾਡੇ ਸਿਆਣੇ ਨਿਆਂਿਆ ਬਾਰੇ ਗੱਲਾਂ ਕਰਾਂਗਾ।

14. ਮੈਨੂੰ ਤੁਹਾਡੇ ਕਰਾਰ ਦਾ ਅਧਿਐਨ ਕਰਨਾ ਸਭ ਕਾਸੇ ਨਾਲੋਂ ਵੱਧੇਰੇ ਚੰਗਾ ਲੱਗਦਾ ਹੈ।

15. ਮੈਂ ਤੁਹਾਡੇ ਅਸੂਲਾਂ ਬਾਰੇ ਚਰਚਾ ਕਰਦਾ ਹਾਂ। ਮੈਂ ਤੁਹਾਡੀ ਜੀਵਨ ਜਾਂਚ ਉੱਤੇ ਚੱਲਦਾ ਹਾਂ।

16. ਮੈਨੂੰ ਤੁਹਾਡੇ ਨੇਮ ਪਸੰਦ ਹਨ। ਮੈਂ ਤੁਹਾਡੇ ਸ਼ਬਦ ਨਹੀਂ ਭੁੱਲਾਂਗਾ।

17. ਗਿਮਲ ਆਪਣੇ ਸੇਵਕ, ਮੇਰੇ ਨਾਲ, ਚੰਗਾ ਰਹਿ। ਤਾਂ ਜੋ ਮੈਂ ਤੁਹਾਡੇ ਆਦੇਸ਼ਾਂ ਨੂੰ ਮੰਨਣ ਅਤੇ ਜਿਉਣ ਦੇ ਯੋਗ ਹੋ ਜਾਵਾਂ।

18. ਯਹੋਵਾਹ, ਮੇਰੀਆਂ ਅੱਖਾਂ ਖੋਲ੍ਹ ਦਿਉ। ਮੈਨੂੰ ਤੁਹਾਡੀਆਂ ਸਿੱਖਿਆਵਾਂ ਅੰਦਰ ਝਾਕਣ ਦਿਉ। ਅਤੇ ਉਨ੍ਹਾਂ ਚਮਤਕਾਰਾਂ ਬਾਰੇ ਪੜ੍ਹਨ ਦਿਉ ਜੋ ਤੁਸਾਂ ਨੇ ਕੀਤੇ ਸਨ।

19. ਮੈਂ ਇਸ ਧਰਤੀ ਉੱਤੇ ਅਜਨਬੀ ਸਾਂ। ਯਹੋਵਾਹ, ਮੇਰੇ ਕੋਲੋਂ ਆਪਣੀਆਂ ਸਿੱਖਿਆਵਾਂ ਨਾ ਛੁਡਾਉ।

20. ਮੈਂ ਹਰ ਵੇਲੇ ਤੁਹਾਡੇ ਨਿਆਂਇਆਂ ਦਾ ਅਧਿਐਨ ਕਰਨਾ ਚਾਹੁੰਦਾ ਹਾਂ।

21. ਯਹੋਵਾਹ, ਤੁਸੀਂ ਗੁਮਾਨੀ ਲੋਕਾਂ ਦੀ ਪੜਚੋਲ ਕਰਦੇ ਹੋ ਉਨ੍ਹਾਂ ਨਾਲ ਬੁਰਾ ਹੋਵੇਗਾ। ਉਹ ਤੁਹਾਡੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਹਨ।

22. ਮੈਨੂੰ ਸ਼ਰਮਿੰਦਾ ਅਤੇ ਨਮੋਸ਼ ਨਾ ਹੋਣ ਦੇਵੋ। ਮੈਂ ਤੁਹਾਡੇ ਕਰਾਰ ਨੂੰ ਮੰਨਿਆ ਹੈ।

23. ਆਗੂਆਂ ਨੇ ਵੀ ਮੇਰੇ ਬਾਰੇ ਮੰਦਾ ਬੋਲਿਆ। ਪਰ ਮੈਂ ਤੁਹਾਡਾ ਸੇਵਕ ਹਾਂ, ਯਹੋਵਾਹ। ਅਤੇ ਮੈਂ ਤੁਹਾਡੇ ਨੇਮਾਂ ਦਾ ਅਧਿਐਨ ਕਰਦਾ ਹਾਂ।

24. ਤੁਹਾਡਾ ਕਰਾਰ ਮੇਰਾ ਸਭ ਤੋਂ ਚੰਗਾ ਦੋਸਤ ਹੈ। ਇਹ ਮੈਨੂੰ ਨੇਕ ਸਲਾਹ ਦਿੰਦਾ ਹੈ।

25. ਦਾਲਥ ਮੈਂ ਛੇਤੀ ਹੀ ਮਰ ਜਾਵਾਂਗਾ। ਯਹੋਵਾਹ, ਮੈਨੂੰ ਆਦੇਸ਼ ਦਿਉ ਅਤੇ ਮੈਨੂੰ ਜਿਉਣ ਦਿਉ।

26. ਮੈਂ ਤੁਹਾਡੇ ਆਪਣੇ ਜੀਵਨ ਬਾਰੇ ਦੱਸਿਆ ਹੈ। ਅਤੇ ਤੁਸਾਂ ਨੇ ਉੱਤਰ ਦਿੱਤਾ ਹੈ। ਹੁਣ, ਮੈਨੂੰ ਆਪਣੇ ਨੇਮ ਸਿੱਖਾਉ।

27. ਯਹੋਵਾਹ, ਤੁਹਾਡੇ ਨੇਮਾਂ ਨੂੰ ਸਮਝਣ ਵਿੱਚ ਮੇਰੀ ਮਦਦ ਕਰੋ। ਮੈਨੂੰ ਤੁਹਾਡੇ ਕੀਤੇ ਚਮਤਕਾਰਾਂ ਦਾ ਮੈਨੂੰ ਅਧਿਐਨ ਕਰਨ ਦਿਉ।

28. ਮੈਂ ਉਦਾਸ ਅਤੇ ਥਕਿਆ ਹੋਇਆ ਹਾਂ, ਆਦੇਸ਼ ਦੇਵੋ ਅਤੇ ਮੈਨੂੰ ਫ਼ੇਰ ਬਲਵਾਨ ਬਣਾ ਦਿਉ।

29. ਯਹੋਵਾਹ, ਮੈਨੂੰ ਝੂਠ ਵਿੱਚ ਨਾ ਜਿਉਣ ਦੇਵੋ। ਆਪਣੀਆਂ ਸਿੱਖਿਆਵਾ ਨਾਲ ਮੇਰੀ ਰਾਹਨੁਮਾਈ ਕਰੋ।

30. ਯਹੋਵਾਹ, ਮੈਂ ਆਪਣੇ-ਆਪ ਨੂੰ ਤੁਹਾਡੇ ਪ੍ਰਤਿ ਵਫ਼ਾਦਾਰ ਹੋਣ ਲਈ ਚੁਣਿਆ ਹੈ। ਮੈਂ ਤੁਹਾਡੇ ਸਿਆਣੇ ਫ਼ੈਸਲਿਆਂ ਨੂੰ ਧਿਆਨ ਨਾਲ ਪੜ੍ਹਦਾ ਹਾਂ।

31. ਮੈਂ ਤੁਹਾਡੇ ਕਰਾਰ ਨਾਲ ਜੁੜਦਾ ਹਾਂ, ਯਹੋਵਾਹ। ਮੈਨੂੰ ਨਿਰਾਸ਼ ਨਾ ਕਰੋ।

32. ਮੈਂ ਖੁਸ਼ੀ ਨਾਲ ਤੁਹਾਡੇ ਆਦੇਸ਼ ਮੰਨਾਗਾ। ਯਹੋਵਾਹ, ਤੁਹਾਡੇ ਆਦੇਸ਼ ਮੈਨੂੰ ਪ੍ਰਸੰਨ ਕਰਦੇ ਹਨ।

33. ਹੇ ਯਹੋਵਾਹ, ਮੈਨੂੰ ਆਪਣੇ ਨੇਮਾ ਦੀ ਸਿੱਖਿਆ ਦੇਵੋ, ਅਤੇ ਮੈਂ ਉਨ੍ਹਾਂ ਉੱਤੇ ਚੱਲਾਂਗਾ।

34. ਸਮਝਣ ਵਿੱਚ ਮੇਰੀ ਮਦਦ ਕਰੋ, ਅਤੇ ਮੈਂ ਤੁਹਾਡੀਆਂ ਸਿੱਖਿਆਵਾਂ ਮੰਨਾਗਾ। ਮੈਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਮੰਨਾਗਾ।

35. ਯਹੋਵਾਹ, ਮੇਰੀ ਅਗਵਾਈ ਆਪਣੇ ਆਦੇਸ਼ ਦੇ ਰਾਹ ਉੱਤੇ ਕਰੋ। ਮੈਂ ਸੱਚਮੁੱਚ ਉਸ ਜੀਵਨ ਢੰਗ ਨੂੰ ਪਿਆਰ ਕਰਦਾ ਹਾਂ।

36. ਆਪਣੇ ਕਰਾਰ ਬਾਰੇ ਸੋਚਣ ਵਿੱਚ ਮੇਰੀ ਮਦਦ ਕਰੋ ਬਜਾਇ ਇਸਦੇ ਕਿ ਮੈਂ ਅਮੀਰ ਕਿਵੇਂ ਹੋਵਾਂ?

37. ਹੇ ਯਹੋਵਾਹ, ਮੈਨੂੰ ਨਿਰਾਰਥਕ ਗੱਲਾਂ ਵੱਲ ਧਿਆਨ ਦੇਣ ਦਿਉ। ਤੁਹਾਡੇ ਰਾਹ ਵਿੱਚ ਰਹਿਣ ਲਈ ਮੇਰੀ ਮਦਦ ਕਰੋ।

38. ਉਹੀ ਕਰੋ ਜਿਸਦਾ ਵਾਅਦਾ ਤੁਸੀਂ ਆਪਣੇ ਸੇਵਕ ਨਾਲ ਕੀਤਾ ਸੀ ਤਾਂ ਜੋ ਲੋਕ ਤੁਹਾਡਾ ਆਦਰ ਕਰਨ।

39. ਯਹੋਵਾਹ, ਸ਼ਰਮਿੰਦਗੀ ਨੂੰ ਦੂਰ ਕਰ ਦਿਉ ਜਿਸਤੋਂ ਮੈਂ ਡਰਦਾ ਹਾਂ। ਤੁਹਾਡੇ ਸਿਆਣੇ ਨਿਆਂ ਸ਼ੁਭ ਹਨ।

40. ਵੇਖੋ, ਮੈਂ ਤੁਹਾਡੇ ਹੁਕਮਾਂ ਦੀ ਇੱਛਾ ਕਰਦਾ ਹਾਂ, ਮੇਰੇ ਨਾਲ ਚੰਗਾ ਕਰੋ ਅਤੇ ਮੈਨੂੰ ਜਿਉਣ ਦਿਉ।

41. ਵਾਉ ਯਹੋਵਾਹ, ਮੈਨੂੰ ਆਪਣਾ ਸੱਚਾ ਪਿਆਰ ਦਰਸਾਉ। ਮੈਨੂੰ ਬਚਾਉ ਜਿਵੇਂ ਕਿ ਤੁਸੀਂ ਵਾਅਦਾ ਕੀਤਾ ਸੀ।

42. ਫ਼ੇਰ ਮੇਰੇ ਕੋਲ ਜਵਾਬ ਹੋਵੇਗਾ। ਉਨ੍ਹਾਂ ਲੋਕਾਂ ਲਈ ਜੋ ਮੈਨੂੰ ਬੇਇੱਜ਼ਤ ਕਰਦੇ ਹਨ। ਮੈਨੂੰ ਸੱਚਮੁੱਚ ਉਨ੍ਹਾਂ ਗੱਲਾਂ ਵਿੱਚ ਵਿਸ਼ਵਾਸ ਹੈ ਜੋ ਤੁਸੀਂ ਆਖਦੇ ਹੋ, ਯਹੋਵਾਹ।

43. ਮੈਨੂੰ ਹਮੇਸ਼ਾ ਤੁਹਾਡੀਆਂ ਸੱਚੀਆਂ ਸਿੱਖਿਆਵਾਂ ਬਾਰੇ ਬੋਲਣ ਦਿਉ। ਯਹੋਵਾਹ, ਮੈਂ ਤੁਹਾਡੇ ਸਿਆਣੇ ਨਿਆਂਇਆਂ ਉੱਤੇ ਨਿਰਭਰ ਕਰਦਾ ਹਾਂ।

44. ਯਹੋਵਾਹ, ਮੈਂ ਸਦਾ-ਸਦਾ ਲਈ ਤੁਹਾਡੀਆਂ ਸਿੱਖਿਆਵਾਂ ਉੱਤੇ ਚੱਲਾਂਗਾ।

45. ਤਾਂ ਜੋ ਮੈਂ ਮੁਕਤ ਹੋ ਜਾਵਾ। ਕਿਉਂ? ਕਿਉਂਕਿ ਮੈਂ ਤੁਹਾਡੇ ਨੇਮਾਂ ਨੂੰ ਮੰਨਣ ਦੀ ਸਖਤ ਕੋਸ਼ਿਸ਼ ਕਰਦਾ ਹਾਂ।

46. ਮੈਂ ਰਾਜਿਆਂ ਨਾਲ ਤੁਹਾਡੇ ਕਰਾਰ ਬਾਰੇ ਚਰਚਾ ਕਰਾਂਗਾ। ਅਤੇ ਮੈਨੂੰ ਉਨ੍ਹਾਂ ਕੋਲੋਂ ਨਮੋਸ਼ੀ ਨਹੀਂ ਹੋਵੇਗੀ।

47. ਮੈਨੂੰ ਤੁਹਾਡੇ ਆਦੇਸ਼ਾਂ ਦਾ ਅਧਿਐਨ ਕਰਨਾ ਚੰਗਾ ਲੱਗਦਾ ਹੈ, ਯਹੋਵਾਹ। ਮੈਂ ਉਨ੍ਹਾਂ ਆਦੇਸ਼ਾ ਨੂੰ ਪਿਆਰ ਕਰਦਾ ਹਾਂ।

48. ਯਹੋਵਾਹ, ਮੈਂ ਤੁਹਾਡੇ ਆਦੇਸ਼ਾ ਦੀ ਉਸਤਤਿ ਕਰਦਾ ਹਾਂ। ਮੈਂ ਉਨ੍ਹਾ ਨੂੰ ਪਿਆਰ ਕਰਦਾ ਹਾਂ। ਅਤੇ ਮੈਂ ਉਨ੍ਹਾ ਦਾ ਅਧਿਐਨ ਕਰਾਂਗਾ।

49. ਜ਼ਾਇਨ ਯਹੋਵਾਹ, ਆਪਣਾ ਵਾਅਦਾ ਯਾਦ ਕਰੋ ਜੋ ਤੁਸਾਂ ਮੇਰੇ ਨਾਲ ਕੀਤਾ ਸੀ। ਉਹ ਵਾਅਦਾ ਮੈਨੂੰ ਆਸ ਬੁਨ੍ਹਾਉਂਦਾ ਹੈ।

50. ਮੈਂ ਦੁੱਖੀ ਸਾਂ, ਅਤੇ ਤੁਸੀਂ ਮੈਨੂੰ ਸੁਕੂਨ ਪਹੁੰਚਾਇਆ। ਤੁਹਾਡੇ ਸ਼ਬਦਾ ਨੇ ਮੈਨੂੰ ਫ਼ੇਰ ਜਿਉਣ ਦਿੱਤਾ।

51. ਉਹ ਲੋਕ ਜੋ ਆਪਣੇ-ਆਪ ਨੂੰ ਮੇਰੇ ਨਾਲੋਂ ਬਿਹਤਰ ਸਮਝਦੇ ਹਨ ਉਨ੍ਹਾਂ ਨੇ ਮੈਨੂੰ ਨਿਰੰਤਰ ਬੇਇੱਜ਼ਤ ਕੀਤਾ। ਪਰ ਮੈਂ ਤੁਹਾਡੀਆਂ ਸਿੱਖਿਆਵਾ ਉੱਤੇ ਅਮਲ ਕਰਨ ਤੋਂ ਨਹੀਂ ਰੁਕਿਆ।

52. ਮੈਂ ਸਦਾ ਤੁਹਾਡੇ ਸਿਆਣੇ ਨਿਆਂ ਯਾਦ ਕਰਦਾ ਹਾਂ। ਯਹੋਵਾਹ, ਤੁਹਾਡੇ ਸਿਆਣੇ ਨਿਆਂ ਮੈਨੂੰ ਸੁਕੂਨ ਦਿੰਦੇ ਹਨ।

53. ਮੈਂ ਕ੍ਰੋਧਵਾਨ ਹੋਇਆ ਜਦੋਂ ਮੈਂ ਬੁਰਿਆਂ ਬੰਦਿਆਂ ਨੂੰ ਤੁਹਾਡੀਆਂ ਸਿੱਖਿਆਵਾਂ ਤੋਂ ਅਮਲ ਕਰਨੋਂ ਹਟਦਿਆ ਵੇਖਿਆ।

54. ਤੁਹਾਡੇ ਨੇਮ ਮੇਰੇ ਘਰ ਵਿੱਚ ਗੀਤ ਹਨ।

55. ਯਹੋਵਾਹ, ਮੈਂ ਰਾਤ ਵੇਲੇ ਤੁਹਾਡਾ ਨਾਮ ਯਾਦ ਕਰਦਾ ਹਾਂ। ਅਤੇ ਮੈਂ ਤੁਹਾਡੀਆਂ ਸਿੱਖਿਆਵਾਂ ਨੂੰ ਯਾਦ ਕਰਦਾ ਹਾਂ।

56. ਇਹ ਇਸ ਤਰ੍ਹਾਂ ਵਾਪਰਦਾ ਕਿਉਂਕਿ ਮੈਂ ਤੁਹਾਡੇ ਆਦੇਸ਼ਾ ਨੂੰ ਧਿਆਨ ਨਾਲ ਮੰਨਦਾ ਹਾਂ।

57. ਹੇਥ ਯਹੋਵਾਹ, ਮੈਂ ਫ਼ੈਸਲਾ ਕੀਤਾ ਸੀ ਕਿ ਤੁਹਾਡੇ ਆਦੇਸ਼ਾ ਨੂੰ ਮੰਨਣਾ ਮੇਰਾ ਫ਼ਰਜ਼ ਹੈ।

58. ਯਹੋਵਾਹ, ਮੈਂ ਪੂਰੀ ਤਰ੍ਹਾਂ ਤੁਹਾਡੇ ਉੱਤੇ ਨਿਰਭਰ ਹਾਂ। ਮੇਰੇ ਉੱਤੇ ਮਿਹਰਬਾਨ ਹੋਵੋ ਜਿਵੇਂ ਤੁਸਾਂ ਵਾਅਦਾ ਕੀਤਾ ਸੀ।

59. ਮੈਂ ਆਪਣੇ ਜੀਵਨ ਬਾਰੇ ਧਿਆਨ ਨਾਲ ਸੋਚਿਆ ਅਤੇ ਮੈਂ ਤੁਹਾਡੇ ਕਰਾਰ ਵੱਲ ਵਾਪਸ ਮੁੜ ਪਿਆ।

60. ਮੈਂ ਕਾਹਲੀ ਨਾਲ ਮੁੜਿਆ, ਬਿਨ ਦੇਰ ਕੀਤਿਆਂ ਤੁਹਾਡੇ ਆਦੇਸ਼ ਵੱਲ ਮੁੜਿਆ।

61. ਮੰਦੇ ਲੋਕਾਂ ਦੇ ਇੱਕ ਸਮੂਹ ਨੇ ਮੇਰੇ ਬਾਰੇ ਮੰਦੀਆਂ ਗੱਲਾਂ ਆਖੀਆਂ। ਪਰ ਮੈਂ ਤੁਹਾਡੀਆਂ ਸਿੱਖਿਆਵਾਂ ਨਹੀਂ ਭੁੱਲਿਆ, ਯਹੋਵਾਹ।

62. ਅੱਧੀ ਰਾਤ ਵੇਲੇ, ਮੈਂ ਤੁਹਾਡੇ ਸ਼ੁਭ ਨਿਆਂਵਾਂ ਦਾ ਧੰਨਵਾਦ ਕਰਨ ਲਈ ਉੱਠਦਾ ਹਾਂ।

63. ਮੈਂ ਹਰ ਉਸ ਬੰਦੇ ਦਾ ਮੀਤ ਹਾਂ, ਜਿਹੜਾ ਤੁਹਾਡੀ ਉਪਾਸਨਾ ਕਰਦਾ ਹੈ। ਮੈਂ ਹਰ ਉਸ ਬੰਦੇ ਦਾ ਮੀਤ ਹਾਂ ਜਿਹੜਾ ਤੁਹਾਡੇ ਆਦੇਸ਼ ਮੰਨਦਾ ਹੈ।

64. ਯਹੋਵਾਹ, ਧਰਤੀ ਨੂੰ ਤੁਹਾਡਾ ਸੱਚਾ ਪਿਆਰ ਭਰਦਾ ਹੈ। ਮੈਨੂੰ ਆਪਣੇ ਨੇਮ ਸਿੱਖਾਉ।

65. ਟੇਥ ਯਹੋਵਾਹ, ਤੁਸੀਂ ਮੇਰੇ ਲਈ, ਤੁਹਾਡੇ ਸੇਵਕ ਲਈ ਸ਼ੁਭ ਗੱਲਾਂ ਕੀਤੀਆਂ। ਤੁਸੀਂ ਬਿਲਕੁਲ ਉਵੇਂ ਹੀ ਕੀਤਾ ਜਿਸਦਾ ਤੁਸਾਂ ਵਾਅਦਾ ਕੀਤਾ ਸੀ।

66. ਯਹੋਵਾਹ, ਮੈਨੂੰ ਸਿਆਣੇ ਨਿਆਂ ਕਰਨ ਲਈ ਗਿਆਨ ਪ੍ਰਦਾਨ ਕਰੋ। ਮੈਨੂੰ ਤੁਹਾਡੇ ਆਦੇਸ਼ਾ ਵਿੱਚ ਭਰੋਸਾ ਹੈ।

67. ਦੁੱਖ ਭੋਗਣ ਤੋਂ ਪਹਿਲਾਂ ਮੈਂ ਬਹੁਤ ਗਲਤ ਗੱਲਾਂ ਕੀਤੀਆਂ ਸਨ। ਪਰ ਹੁਣ, ਮੈਂ ਧਿਆਨ ਨਾਲ ਤੁਹਾਡੇ ਆਦੇਸ਼ ਮੰਨਦਾ ਹਾਂ।

68. ਹੇ ਪਰਮੇਸ਼ੁਰ, ਤੁਸੀਂ ਸ਼ੁਭ ਹੋ ਅਤੇ ਤੁਸੀਂ ਨੇਕੀ ਕਰਦੇ ਹੋ। ਮੈਨੂੰ ਆਪਣੇ ਨੇਮ ਸਿੱਖਾਉ।

69. ਉਹ ਲੋਕ ਜੋ ਆਪਣੇ-ਆਪ ਨੂੰ ਮੇਰੇ ਨਾਲੋਂ ਬਿਹਤਰ ਸਮਝਦੇ ਹਨ ਮੇਰੇ ਬਾਰੇ ਝੂਠ ਬੋਲਿਆ। ਪਰ ਮੈਂ ਸੱਚੇ ਦਿਲੋਂ ਤੁਹਾਡੇ ਆਦੇਸ਼ ਮੰਨਦਾ ਰਿਹਾ, ਯਹੋਵਾਹ।

70. ਬਹੁਤ ਲੋਕ ਮੂਰਖ ਹਨ। ਪਰ ਮੈਨੂੰ ਤੁਹਾਡੀਆਂ ਸਿੱਖਿਆਵਾ ਦਾ ਅਧਿਐਨ ਕਰਨ ਵਿੱਚ ਖੁਸ਼ੀ ਮਿਲਦੀ ਹੈ।

71. ਮੇਰੇ ਲਈ ਦੁੱਖ ਭੋਗਣਾ ਚੰਗਾ ਸੀ। ਮੈਂ ਤੁਹਾਡੇ ਨੇਮ ਸਿੱਖੋ।

72. ਯਹੋਵਾਹ, ਤੁਹਾਡੀਆਂ ਸਿੱਖਿਆਵਾ ਮੇਰੇ ਲਈ ਸ਼ੁਭ ਹਨ। ਉਹ ਸੋਨੇ ਚਾਂਦੀ ਦੇ ਹਜ਼ਾਰ ਸਿੱਕਿਆਂ ਨਾਲੋਂ ਬਿਹਤਰ ਹਨ।

73. ਯੋਧ ਯਹੋਵਾਹ, ਤੁਸੀਂ ਮੈਨੂੰ ਸਾਜਿਆ ਅਤੇ ਤੁਸੀਂ ਮੈਨੂੰ ਆਪਣੇ ਹਥਾ ਨਾਲ ਆਸਰਾ ਦਿੰਦੇ ਹੋ। ਆਪਣੇ ਆਦੇਸ਼ਾ ਨੂੰ ਸਿੱਖਣ ਤੇ ਸਮਝਣ ਵਿੱਚ ਮੇਰੀ ਮਦਦ ਕਰੋ।

74. ਯਹੋਵਾਹ, ਤੁਹਾਡੇ ਅਨੁਯਾਈ ਮੈਨੂੰ ਵੇਖਦੇ ਹਨ ਅਤੇ ਮੇਰਾ ਆਦਰ ਕਰਦੇ ਹਨ। ਉਹ ਖੁਸ਼ ਹਨ ਕਿਉਂਕਿ ਮੈਂ ਤੁਹਾਡੇ ਉੱਤੇ ਵਿਸ਼ਵਾਸ ਕਰਦਾ ਹਾਂ।

75. ਹੇ ਯਹੋਵਾਹ, ਮੈਂ ਜਾਣਦਾ ਹਾਂ ਕਿ ਤੁਹਾਡੇ ਫ਼ੈਸਲੇ ਨਿਆਂਈ ਹਨ ਅਤੇ ਮੈਨੂੰ ਤਸੀਹੇ ਦੇਣ ਵਿੱਚ ਤੁਸੀਂ ਸਹੀ ਸੀ।

76. ਹੁਣ, ਮੈਨੂੰ ਆਪਣੇ ਸੱਚੇ ਪਿਆਰ ਨਾਲ ਸੁਕੂਨ ਪਹੁੰਚਾ। ਮੈਨੂੰ ਸੁਕੂਨ ਪਹੁੰਚਾਉ ਜਿਵੇਂ ਤੁਸੀਂ ਵਾਅਦਾ ਕੀਤਾ ਸੀ।

77. ਯਹੋਵਾਹ, ਮੈਨੂੰ ਸੱਕੂਨ ਪਹੁੰਚਾਉ ਅਤੇ ਮੈਨੂੰ ਜਿਉਣ ਦਿਉ। ਮੈਂ ਸੱਚਮੁੱਚ ਤੁਹਾਡੇ ਉਪਦੇਸ਼ਾਂ ਵਿੱਚ ਆਨੰਦ ਮਾਣਦਾ ਹਾਂ।

78. ਉਨ੍ਹਾਂ ਲੋਕਾਂ, ਜੋ ਆਪਣੇ-ਆਪ ਨੂੰ ਮੇਰੇ ਨਾਲੋਂ ਬਿਹਤਰ ਸਮਝਦੇ ਹਨ, ਮੇਰੇ ਬਾਰੇ ਝੂਠ ਬੋਲਿਆ। ਮੈਨੂੰ ਆਸ ਹੈ ਕਿ ਉਹ ਲੋਕ ਸ਼ਰਮਸਾਰ ਹਨ। ਯਹੋਵਾਹ, ਮੈਂ ਤੁਹਾਡੇ ਨੇਮਾਂ ਦਾ ਅਧਿਐਨ ਕਰਦਾ ਹਾਂ।

79. ਮੈਨੂੰ ਆਸ ਹੈ ਕਿ ਤੁਹਾਡੇ ਅਨੁਯਾਈ ਵਾਪਸ ਮੇਰੇ ਕੋਲ ਆਵਣਗੇ, ਤਾਂ ਜੋ ਉਹ ਤੁਹਾਡੇ ਕਰਾਰ ਬਾਰੇ ਜਾਣ ਸੱਕਣ।

80. ਯਹੋਵਾਹ, ਮੈਨੂੰ ਪੂਰੀ ਤਰ੍ਹਾਂ ਤੁਹਾਡੇ ਆਦੇਸ਼ ਮੰਨਣ ਦਿਉ। ਤਾਂ ਜੋ ਮੈਂ ਸ਼ਰਮਸਾਰ ਨਾ ਹੋਵਾਂ।

81. ਕਾਫ਼ ਤੁਹਾਡੇ ਇੰਤਜ਼ਾਰ ਵਿੱਚ ਮੈਂ ਮਰਨ ਕੰਢੇ ਹਾਂ ਕਿ ਤੁਸੀਂ ਮੈਨੂੰ ਬਚਾਉ। ਪਰ ਹੇ ਯਹੋਵਾਹ ਮੈਂ ਤੁਹਾਡੇ ਬਚਨਾਂ ਵਿੱਚ ਯਕੀਨ ਰੱਖਦਾ ਹਾਂ।

82. ਮੈ ਉਨ੍ਹਾਂ ਚੀਜ਼ਾਂ ਲਈ ਤੱਕਦਾ ਰਹਿੰਦਾ ਹਾਂ ਜਿਨ੍ਹਾਂ ਦਾ ਤੁਸੀਂ ਵਾਅਦਾ ਕੀਤਾ ਸੀ। ਪਰ ਮੇਰੀਆਂ ਅੱਖਾਂ ਥੱਕ ਜਾਂਦੀਆਂ ਹਨ। ਯਹੋਵਾਹ, ਤੁਸੀਂ ਮੈਨੂੰ ਕਦੋਂ ਸੁਕੂਨ ਪਹੁੰਚਾਉਂਗੇ।

83. ਭਾਵੇਂ ਮੈਂ ਕੂੜੇ ਵਿੱਚ ਸੁੱਟੀ ਹੋਈ ਮਸੱਕ ਹਾਂ।

84. ਮੈਂ ਹੋਰ ਕਿੰਨਾ ਕੁ ਚਿਰ ਜੀਵਾਂਗਾ? ਹੇ ਯਹੋਵਾਹ, ਤੁਸੀਂ ਉਨ੍ਹਾਂ ਲੋਕਾਂ ਨੂੰ ਕਦੋਂ ਸਜ਼ਾ ਦੇਵੋਂਗੇ ਜਿਹੜੇ ਮੈਨੂੰ ਦੰਡ ਦੇ ਰਹੇ ਹਨ।

85. ਕੁਝ ਗੁਮਾਨੀ ਬੰਦਿਆਂ ਨੇ ਆਪਣੀਆਂ ਝੂਠੀਆਂ ਤੋਂਹਮਤਾਂ ਨਾਲ ਮੈਨੂੰ ਕੋਹਿਆ। ਅਤੇ ਇਹ ਤੁਹਾਡੀਆਂ ਸਿੱਖਿਆਵਾਂ ਦੇ ਖਿਲਾਫ਼ ਹੈ।

86. ਯਹੋਵਾਹ, ਲੋਕ ਤੁਹਾਡੇ ਸਾਰੇ ਹੁਕਮਾਂ ਉੱਤੇ ਭਰੋਸਾ ਕਰ ਸੱਕਦੇ ਹਨ। ਉਹ ਲੋਕ ਮੈਨੂੰ ਦੰਡ ਦੇਣ ਵਿੱਚ ਗਲਤ ਹਨ ਮੇਰੀ ਮਦਦ ਕਰੋ।

87. ਉਨ੍ਹਾਂ ਲੋਕਾਂ ਨੇ ਮੈਨੂੰ ਤਬਾਹ ਹੀ ਕਰ ਦਿੱਤਾ ਸੀ। ਪਰ ਮੈਂ ਤੁਹਾਡੇ ਆਦੇਸ਼ਾਂ ਨੂੰ ਮੰਨਣ ਤੋਂ ਨਹੀਂ ਰੁਕਿਆ।

88. ਯਹੋਵਾਹ, ਮੇਰੇ ਲਈ ਆਪਣਾ ਸੱਚਾ ਪਿਆਰ ਦਰਸਾਉ ਅਤੇ ਮੈਨੂੰ ਜਿਉਣ ਦਿਉ। ਮੈਂ ਉਹੀ ਕਰਾਂਗਾ ਜੋ ਤੁਸੀਂ ਆਖੋਂਗੇ।

89. ਲਾਮਦ ਯਹੋਵਾਹ, ਤੁਹਾਡਾ ਸ਼ਬਦ ਸਦਾ ਰਹਿੰਦਾ ਹੈ। ਤੁਹਾਡਾ ਸ਼ਬਦ ਹਮੇਸ਼ਾ ਸਵਰਗ ਵਿੱਚ ਰਹਿੰਦਾ ਹੈ।

90. ਤੁਸੀਂ ਸਦਾ-ਸਦਾ ਲਈ ਵਫ਼ਾਦਾਰ ਹੋ। ਯਹੋਵਾਹ, ਤੁਸੀਂ ਧਰਤੀ ਨੂੰ ਸਾਜਿਆ ਅਤੇ ਇਹ ਹਾਲੇ ਵੀ ਖਲੋਤੀ ਹੈ।

91. ਇਹ ਹਾਲੇ ਵੀ ਤੁਹਾਡੇ ਨੇਮਾਂ ਕਾਰਣ ਖਲੋਤੀ ਹੈ। ਕਿਉਂਕਿ ਇਹ ਉਨ੍ਹਾਂ ਨੂੰ ਇੱਕ ਗੁਲਾਮ ਵਾਂਗ ਮੰਨਦੀ ਹੈ।

92. ਜੇ ਤੁਹਾਡੀਆਂ ਸਿੱਖਿਆਵਾਂ ਮੇਰੇ ਲਈ ਦੋਸਤਾਂ ਵਾਂਗ ਨਾ ਹੁੰਦੀਆਂ। ਤਾਂ ਮੇਰੇ ਦੁੱਖਾਂ ਨੇ ਮੈਨੂੰ ਤਬਾਹ ਕਰ ਦਿੱਤਾ ਹੁੰਦਾ।

93. ਯਹੋਵਾਹ, ਮੈਂ ਕਦੇ ਵੀ ਤੁਹਾਡੇ ਆਦੇਸ਼ਾਂ ਨੂੰ ਨਹੀਂ ਭੁੱਲਾਂਗਾ ਕਿਉਂਕਿ ਇਹ ਮੈਨੂੰ ਜਿਉਣ ਦਿੰਦੇ ਹਨ।

94. ਯਹੋਵਾਹ, ਮੈਂ ਤੁਹਾਡਾ ਹਾਂ, ਇਸ ਲਈ ਮੈਨੂੰ ਬਚਾਉ! ਕਿਉਂਕਿ ਮੈਂ ਤੁਹਾਡੇ ਆਦੇਸ਼ ਮੰਨਣ ਦੀਆਂ ਸਖਤ ਕੋਸ਼ਿਸ਼ਾਂ ਕਰਦਾ ਹਾਂ।

95. ਬੁਰੇ ਲੋਕਾਂ ਨੇ ਮੈਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾ ਕੀਤੀਆਂ। ਪਰ ਤੁਹਾਡੇ ਕਰਾਰ ਨੇ ਮੈਨੂੰ ਸਿਆਣਾ ਬਣਾ ਦਿੱਤਾ।

96. ਹਰ ਚੀਜ਼ ਦੀ ਹਦ ਹੁੰਦੀ ਹੈ, ਪਰ ਤੁਹਾਡੇ ਨੇਮ ਦੀ ਨਹੀਂ।

97. ਮੀਮ ਆਹਾ, ਮੈਂ ਤੁਹਾਡੀਆਂ ਸਿੱਖਿਆਵਾਂ ਨੂੰ ਪਿਆਰ ਕਰਦਾ ਹਾਂ, ਯਹੋਵਾਹ। ਮੈਂ ਹਰ ਵੇਲੇ ਉਨ੍ਹਾਂ ਦੀਆਂ ਗੱਲਾਂ ਕਰਦਾ ਹਾਂ।

98. ਯਹੋਵਾਹ, ਤੁਹਾਡੇ ਹੁਕਮਾਂ ਨੇ ਮੈਨੂੰ ਮੇਰੇ ਦੁਸ਼ਮਣਾਂ ਨਾਲੋਂ ਵੱਧੇਰੇ ਸਿਆਣਾ ਬਣਾ ਦਿੱਤਾ ਹੈ। ਤੁਹਾਡਾ ਨੇਮ ਸਦਾ ਮੇਰੇ ਨਾਲ ਹੈ।

99. ਮੈਂ ਆਪਣੇ ਸਾਰੇ ਗੁਰੂਆਂ ਨਾਲੋਂ ਸਿਆਣਾ ਹਾਂ। ਕਿਉਂਕਿ ਮੈਂ ਤੁਹਾਡੇ ਕਰਾਰ ਦਾ ਅਧਿਐਨ ਕਰਦਾ ਹਾਂ।

100. ਮੈਂ ਬਜ਼ੁਰਗ ਆਗੂਆਂ ਨਾਲੋਂ ਵੱਧੇਰੇ ਸਮਝਦਾ ਹਾਂ। ਕਿਉਂਕਿ ਮੈਂ ਤੁਹਾਡੇ ਆਦੇਸ਼ ਨਿਭਾਉਂਦਾ ਹਾਂ।

101. ਤੁਸੀਂ ਮੇਰੇ ਚੁੱਕੇ ਹਰ ਕਦਮ ਵਿੱਚ ਮੈਨੂੰ ਗਲਤ ਰਾਹ ਤੋਂ ਦੂਰ ਰੱਖਦੇ ਹੋ। ਹੇ ਪਰਮੇਸ਼ੁਰ, ਇਸੇ ਲਈ, ਮੈਂ ਉਹ ਕਰ ਸੱਕਦਾ ਜੋ ਤੁਸੀਂ ਆਖਦੇ ਹੋ।

102. ਹੇ ਯਹੋਵਾਹ, ਤੁਸੀਂ ਮੇਰੇ ਗੁਰੂ ਹੋ, ਇਸ ਲਈ ਮੈਂ ਤੁਹਾਡੇ ਫ਼ੈਸਲਿਆ ਨੂੰ ਮੰਨਣਾ ਜਾਰੀ ਰੱਖਾਂਗਾ।

103. ਤੁਹਾਡੇ ਸ਼ਬਦ ਮੇਰੇ ਮੂੰਹ ਵਿੱਚਲੇ ਸ਼ਹਿਦ ਨਾਲੋਂ ਵੀ ਮਿੱਠੇ ਹਨ।

104. ਤੁਹਾਡੀਆਂ ਸਿੱਖਿਆਵਾਂ ਮੈਨੂੰ ਸਿਆਣਾ ਬਣਾਉਂਦੀਆਂ ਹਨ। ਇਸ ਲਈ ਮੈਂ ਝੂਠੀਆਂ ਸਿੱਖਿਆਵਾ ਨੂੰ ਨਫ਼ਰਤ ਕਰਦਾ ਹਾਂ।

105. ਨੂਣ ਯਹੋਵਾਹ, ਤੁਹਾਡੇ ਸ਼ਬਦ ਮੇਰੇ ਰਾਹ ਰੌਸ਼ਨ ਕਰਨ ਵਾਲੇ ਦੀਵੇ ਵਾਂਗ ਹਨ।

106. ਤੁਹਾਡੇ ਨੇਮ ਸ਼ੁਭ ਹਨ। ਮੈਂ ਇਨ੍ਹਾਂ ਨੂੰ ਮੰਨਣ ਦਾ ਵਾਅਦਾ ਕਰਦਾ ਹਾਂ। ਅਤੇ ਮੈਂ ਆਪਣਾ ਵਾਅਦਾ ਨਿਭਾਵਾਂਗਾ।

107. ਹੇ ਯਹੋਵਾਹ, ਮੈਂ ਲੰਮੇ ਸਮੇਂ ਤੱਕ ਦੁੱਖ ਭੋਗਿਆ ਹੈ। ਕਿਰਪਾ ਕਰਕੇ ਹੁਕਮ ਦਿਉ ਕਿ ਮੈਂ ਫ਼ੇਰ ਜਿਉ ਸੱਕਾਂ।

108. ਯਹੋਵਾਹ, ਮੇਰੀ ਉਸਤਤਿ ਪ੍ਰਵਾਨ ਕਰੋ। ਅਤੇ ਮੈਨੂੰ ਆਪਣੇ ਨੇਮ ਸਿੱਖਾਉ।

109. ਮੇਰਾ ਜੀਵਨ ਸਦਾ ਖਤਰੇ ਵਿੱਚ ਹੈ। ਪਰ ਮੈਂ ਤੁਹਾਡੀਆਂ ਸਿੱਖਿਆਵਾ ਨੂੰ ਨਹੀਂ ਭੁੱਲਿਆ ਹਾਂ।

110. ਬੁਰੇ ਆਦਮੀਆਂ ਨੇ ਮੈਨੂੰ ਫ਼ਾਹੁਣ ਦੀ ਕੋਸ਼ਿਸ਼ ਕੀਤੀ। ਪਰ ਮੈਂ ਤੁਹਾਡੇ ਹੁਕਮਾਂ ਦੀ ਹੁਕਮ-ਅਦੂਲੀ ਨਹੀਂ ਕੀਤੀ।

111. ਯਹੋਵਾਹ, ਮੈਂ ਸਦਾ ਹੀ ਤੁਹਾਡੇ ਕਰਾਰ ਉੱਤੇ ਚੱਲਾਂਗਾ। ਇਹ ਮੈਨੂੰ ਬਹੁਤ ਖੁਸ਼ੀ ਦਿੰਦਾ ਹੈ।

112. ਮੈਂ ਸਦਾ ਤੁਹਾਡੇ ਆਦੇਸ਼ਾ ਨੂੰ ਮੰਨਣ ਦੀ ਬਹੁਤ ਸਖਤ ਕੋਸ਼ਿਸ਼ ਕਰਾਂਗਾ।

113. ਸਾਮਕ ਯਹੋਵਾਹ, ਮੈਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦਾ ਹਾਂ ਜਿਹੜੇ ਪੂਰੀ ਤਰ੍ਹਾਂ ਤੁਹਾਡੇ ਵਫ਼ਾਦਾਰ ਨਹੀਂ ਹਨ। ਪਰ ਮੈਂ ਤੁਹਾਡੀਆਂ ਸਿੱਖਿਆਵਾ ਨੂੰ ਪਿਆਰ ਕਰਦਾ ਹਾਂ।

114. ਮੈਨੂੰ ਛੁਪਾ ਲਵੋ ਅਤੇ ਮੇਰੀ ਰੱਖਿਆ ਕਰੋ। ਯਹੋਵਾਹ ਮੈਂ ਤੁਹਾਡੇ ਸ਼ਬਦ ਵਿੱਚ ਯਕੀਨ ਰੱਖਦਾ ਹਾਂ।

115. ਯਹੋਵਾਹ, ਬੁਰੇ ਬੰਦਿਆਂ ਨੂੰ ਮੇਰੇ ਨੇੜੇ ਨਾ ਆਉਣ ਦਿਉ। ਅਤੇ ਮੈਂ ਪਰਮੇਸ਼ੁਰ ਦਾ ਆਦੇਸ਼ ਮੰਨਾਗਾ।

116. ਯਹੋਵਾਹ, ਤੁਹਾਡੇ ਵਾਅਦੇ ਅਨੁਸਾਰ ਮੈਨੂੰ ਸਹਾਰਾ ਦਿਉ ਅਤੇ ਮੈਂ ਜੀਵਾਂਗਾ। ਮੈਂ ਤੁਹਾਡੇ ਵਿੱਚ ਯਕੀਨ ਰੱਖਦਾ ਹਾਂ। ਇਸ ਲਈ ਮੈਨੂੰ ਨਿਰਾਸ਼ ਨਾ ਕਰੋ।

117. ਮੇਰੀ ਮਦਦ ਕਰੋ, ਯਹੋਵਾਹ, ਅਤੇ ਮੈਂ ਬਚ ਜਾਵਾਂਗਾ। ਮੈਂ ਸਦਾ ਹੀ ਤੁਹਾਡੇ ਆਦੇਸ਼ਾ ਦਾ ਅਧਿਐਨ ਕਰਾਂਗਾ।

118. ਯਹੋਵਾਹ, ਤੁਸੀਂ ਹਰ ਉਸ ਬੰਦੇ ਤੋਂ ਇਨਕਾਰ ਕਰ ਦਿੰਦੇ ਹੋ ਜਿਹੜਾ ਤੁਹਾਡੇ ਨੇਮ ਤੋੜਦਾ ਹੈ। ਕਿਉਂਕਿ ਉਨ੍ਹਾਂ ਨੇ ਝੂਠ ਆਖਿਆ ਜਦੋਂ ਉਨ੍ਹਾਂ ਨੇ ਤੁਹਾਡਾ ਅਨੁਸਰਣ ਕਰਨ ਲਈ ਹਾਂ ਕੀਤੀ ਸੀ।

119. ਯਹੋਵਾਹ, ਤੁਸੀਂ ਬੁਰੇ ਲੋਕਾਂ ਨੂੰ ਧਰਤੀ ਉੱਤੇ ਕੂੜੇ ਵਾਂਗ ਸੁੱਟ ਦਿੰਦੇ ਹੋ। ਇਸ ਲਈ ਮੈਂ ਸਦਾ ਹੀ ਤੁਹਾਡੇ ਕਰਾਰ ਨੂੰ ਪਿਆਰ ਕਰਾਂਗਾ।

120. ਯਹੋਵਾਹ, ਮੈਂ ਤੁਹਾਡੇ ਕੋਲੋਂ ਡਰਦਾ ਹਾਂ। ਮੈਂ ਡਰਦਾ ਹਾਂ ਅਤੇ ਤੁਹਾਡੇ ਨੇਮਾ ਦਾ ਆਦਰ ਕਰਦਾ ਹਾਂ।

121. ਆਇਨ ਮੈਂ ਉਹੀ ਕੁਝ ਕੀਤਾ ਜੋ ਸਹੀ ਅਤੇ ਸ਼ੁਭ ਹੈ। ਯਹੋਵਾਹ, ਮੈਨੂੰ ਉਨ੍ਹਾਂ ਲੋਕਾਂ ਦੇ ਹਵਾਲੇ ਨਾ ਕਰੋ ਜਿਹੜੇ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ।

122. ਵਾਅਦਾ ਕਰੋ ਕਿ ਤੁਸੀਂ ਮੇਰੇ ਲਈ ਚੰਗੇ ਹੋਵੋਂਗੇ। ਮੈਂ ਤੁਹਾਡਾ ਸੇਵਕ ਹਾਂ। ਯਹੋਵਾਹ, ਗੁਮਾਨੀ ਲੋਕਾਂ ਨੂੰ ਮੇਰਾ ਨੁਕਸਾਨ ਨਾ ਕਰਨ ਦੇਵੋ।

123. ਯਹੋਵਾਹ, ਮੇਰੀਆਂ ਅੱਖਾਂ ਤੁਹਾਡੀ ਸਹਾਇਤਾ ਲਈ, ਤੁਹਾਡੇ ਵੱਲੋਂ ਇੱਕ ਚੰਗੇ ਸ਼ਬਦ ਲਈ ਤੱਕਦੀਆਂ ਥੱਕ ਗਈਆਂ ਹਨ।

124. ਮੈਂ ਤੁਹਾਡਾ ਸੇਵਕ ਹਾਂ। ਮੇਰੇ ਲਈ ਆਪਣਾ ਸੱਚਾ ਪਿਆਰ ਦਰਸਾਉ, ਆਪਣੇ ਨੇਮ ਮੈਨੂੰ ਸਿੱਖਾਉ।

125. ਮੈਂ ਤੁਹਾਡਾ ਸੇਵਕ ਹਾਂ ਮੇਰੀ ਸਮਝਣ ਵਿੱਚ ਮਦਦ ਕਰੋ ਤਾਂ ਜੋ ਮੈਂ ਤੁਹਾਡੇ ਕਰਾਰ ਬਾਰੇ ਜਾਣ ਜਾਵਾ।

126. ਯਹੋਵਾਹ, ਤੁਹਾਡੇ ਲਈ ਕੁਝ ਕਰਨ ਦਾ ਇਹੀ ਵੇਲਾ ਹੈ। ਲੋਕਾਂ ਨੇ ਤੁਹਾਡੇ ਨੇਮਾਂ ਨੂੰ ਤੋੜ ਦਿੱਤਾ ਹੈ।

127. ਯਹੋਵਾਹ, ਮੈਂ ਤੁਹਾਡੇ ਆਦੇਸ਼ਾ ਨੂੰ ਸ਼ੁੱਧਤਮ ਸੋਨੇ ਨਾਲੋਂ ਵੱਧੇਰੇ ਪਿਆਰ ਕਰਦਾ ਹਾਂ।

128. ਮੈਂ ਧਿਆਨ ਨਾਲ ਤੁਹਾਡੇ ਸਾਰੇ ਆਦੇਸ਼ਾ ਨੂੰ ਮੰਨਦਾ ਹਾਂ ਮੈਂ ਝੂਠੀਆਂ ਸਿੱਖਿਆਵਾਂ ਨੂੰ ਨਫ਼ਰਤ ਕਰਦਾ ਹਾਂ।

129. ਪੇ ਯਹੋਵਾਹ, ਤੁਹਾਡਾ ਕਰਾਰ ਸ਼ਾਨਦਾਰ ਹੈ। ਇਸੇ ਲਈ ਮੈਂ ਇਸ ਉੱਤੇ ਚੱਲਦਾ ਹਾਂ।

130. ਜਦੋਂ ਲੋਕ ਤੁਹਾਡੇ ਸ਼ਬਦ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਹਨ। ਉਦੋਂ ਲੱਗਦਾ ਹੈ ਜਿਵੇਂ ਕੋਈ ਰੌਸ਼ਨੀ ਉਨ੍ਹਾਂ ਨੂੰ ਸਹੀ ਜੀਵਨ ਢੰਗ ਸਿੱਖਾ ਰਹੀ ਹੋਵੇ। ਤੁਹਾਡਾ ਸ਼ਬਦ ਸਿੱਧੜ ਬੰਦੇ ਨੂੰ ਵੀ ਸਿਆਣਾ ਬਣਾ ਦਿੰਦਾ ਹੈ।

131. ਯਹੋਵਾਹ, ਮੈਂ ਸੱਚਮੁੱਚ ਤੁਹਾਡੇ ਆਦੇਸ਼ਾ ਦਾ ਅਧਿਐਨ ਕਰਨਾ ਚਾਹੁੰਦਾ ਹਾਂ। ਮੈਂ ਉਸੇ ਬੰਦੇ ਵਰਗਾ ਹਾਂ ਜਿਹੜਾ ਔਖੇ ਸਾਹ ਲੈ ਰਿਹਾ ਹੁੰਦਾ ਹੈ ਅਤੇ ਬੇਚੈਨੀ ਨਾਲ ਇੰਤਜ਼ਾਰ ਕਰ ਰਿਹਾ ਹੁੰਦਾ ਹੈ।

132. ਹੇ ਪਰਮੇਸ਼ੁਰ ਮੇਰੇ ਵੱਲ ਤੱਕੋ ਅਤੇ ਮੇਰੇ ਉੱਤੇ ਮਿਹਰਬਾਨ ਹੋਵੋ। ਉਹੀ ਕਰੋ ਜੋ ਉਨ੍ਹਾਂ ਲੋਕਾਂ ਲਈ ਉਚਿਤ ਹੈ। ਜਿਹੜੇ ਤੁਹਾਡੇ ਨਾਮ ਨੂੰ ਪਿਆਰ ਕਰਦੇ ਹਨ।

133. ਹੇ ਯਹੋਵਾਹ, ਮੇਰੀ ਰਾਹਨੁਮਾਈ ਕਰੋ ਜਿਵੇਂ ਤੁਸਾਂ ਵਾਅਦਾ ਕੀਤਾ ਸੀ। ਪਾਪ ਨੂੰ ਮੇਰੇ ਉੱਤੇ ਸ਼ਾਸਨ ਨਾ ਕਰਨ ਦਿਉ।

134. ਯਹੋਵਾਹ, ਮੈਨੂੰ ਉਨ੍ਹਾਂ ਲੋਕਾਂ ਕੋਲੋਂ ਬਚਾਉ ਜਿਹੜੇ ਮੈਨੂੰ ਦੁੱਖ ਦਿੰਦੇ ਹਨ। ਅਤੇ ਮੈਂ ਤੁਹਾਡੇ ਆਦੇਸ਼ ਮੰਨਾਗਾ।

135. ਯਹੋਵਾਹ, ਆਪਣੇ ਸੇਵਕ ਨੂੰ ਪ੍ਰਵਾਨ ਕਰੋ ਅਤੇ ਮੈਨੂੰ ਆਪਣੇ ਨੇਮ ਸਿੱਖਾਉ।

136. ਮੈਂ ਅੱਥਰੂਆਂ ਦੇ ਦਰਿਆ ਵਹਾਏ ਹਨ ਕਿਉਂਕਿ ਲੋਕ ਤੁਹਾਡੀਆਂ ਸਿੱਖਿਆਵਾਂ ਨੂੰ ਨਹੀਂ ਮੰਨਦੇ।

137. ਸਾਦੇ ਯਹੋਵਾਹ, ਤੁਸੀਂ ਸ਼ੁਭ ਹੋ। ਅਤੇ ਤੁਹਾਡੇ ਨੇਮ ਨਿਰਪੱਖ ਹਨ।

138. ਤੁਸੀਂ ਕਰਾਰ ਵਿੱਚ ਸ਼ੁਭ ਨੇਮ ਦਿੱਤੇ ਹਨ। ਅਸੀਂ ਸੱਚਮੁੱਚ ਉਨ੍ਹਾਂ ਉੱਤੇ ਵਿਸ਼ਵਾਸ ਕਰ ਸੱਕਦੇ ਹਾਂ।

139. ਮੇਰੀਆਂ ਤੀਬ੍ਰ ਭਾਵਨਾਵਾ ਮੈਨੂੰ ਤਬਾਹ ਕਰ ਰਹੀਆਂ ਹਨ। ਮੈਂ ਬਹੁਤ ਉਦਾਸ ਹਾਂ, ਕਿਉਂਕਿ ਮੇਰੇ ਦੁਸ਼ਮਣਾ ਨੇ ਤੁਹਾਡੇ ਆਦੇਸ਼ ਭੁਲਾ ਦਿੱਤੇ ਹਨ।

140. ਸਾਡੇ ਕੋਲ ਪ੍ਰਮਾਣ ਹੈ ਕਿ ਅਸੀਂ ਤੁਹਾਡੇ ਸ਼ਬਦ ਉੱਤੇ ਵਿਸ਼ਵਾਸ ਕਰ ਸੱਕਦੇ ਹਾਂ, ਹੇ ਯਹੋਵਾਹ। ਅਤੇ ਮੈਂ ਇਸ ਨੂੰ ਪਿਆਰ ਕਰਦਾ ਹਾਂ।

141. ਮੈਂ ਇੱਕ ਨੌਜਵਾਨ ਹਾਂ, ਅਤੇ ਲੋਕ ਮੇਰਾ ਆਦਰ ਨਹੀਂ ਕਰਦੇ ਪਰ ਮੈਂ ਤੁਹਾਡੇ ਆਦੇਸ਼ਾ ਨੂੰ ਨਹੀਂ ਭੁੱਲਦਾ।

142. ਯਹੋਵਾਹ, ਤੁਹਾਡੀ ਨੇਕੀ ਸਦਾ ਲਈ ਹੈ। ਅਤੇ ਤੁਹਾਡੀਆਂ ਸਿੱਖਿਆਵਾਂ ਉੱਪਰ ਵਿਸ਼ਵਾਸ ਕੀਤਾ ਜਾ ਸੱਕਦਾ ਹੈ।

143. ਮੈਂ ਮੁਸੀਬਤਾਂ ਅਤੇ ਔਖੇ ਵੇਲਿਆਂ ਵਿੱਚੋਂ ਦੀ ਨਿਕਲਿਆ ਹਾਂ। ਫ਼ੇਰ ਵੀ ਮੈਂ ਤੁਹਾਡੇ ਹੁਕਮਾਂ ਦਾ ਆਨੰਦ ਮਾਣਦਾ ਹਾਂ।

144. ਤੁਹਾਡਾ ਕਰਾਰ ਸਦਾ ਲਈ ਸ਼ੁਭ ਹੈ। ਇਸ ਨੂੰ ਸਮਝਣ ਵਿੱਚ ਮੇਰੀ ਮਦਦ ਕਰੋ। ਤਾਂ ਜੋ ਮੈਂ ਜਿਉ ਸੱਕਾ।

145. ਕੋਫ਼ ਮੈਂ ਪੂਰੇ ਦਿਲ ਨਾਲ ਪੁਕਾਰਦਾ ਹਾਂ, ਯਹੋਵਾਹ। ਮੈਨੂੰ ਉੱਤਰ ਦਿਉ। ਮੈਂ ਤੁਹਾਡੇ ਆਦੇਸ਼ ਮੰਨਦਾ ਹਾਂ।

146. ਯਹੋਵਾਹ, ਮੈਂ ਤੁਹਾਨੂੰ ਆਵਾਜ਼ ਦਿੰਦਾ ਹਾਂ ਮੈਨੂੰ ਬਚਾਉ! ਅਤੇ ਮੈਂ ਤੁਹਾਡੇ ਕਰਾਰ ਨੂੰ ਮੰਨਾਗਾ।

147. ਮੈਂ ਤੁਹਾਡੇ ਅੱਗੇ ਸਰਘੀ ਵੇਲੇ ਪ੍ਰਾਰਥਨਾ ਕਰਨ ਲਈ ਉੱਠਿਆ। ਮੈਨੂੰ ਤੁਹਾਡੇ ਆਖੇ ਉੱਤੇ ਵਿਸ਼ਵਾਸ ਹੈ।

148. ਮੈਂ ਤੁਹਾਡੇ ਸ਼ਬਦ ਦਾ ਅਧਿਐਨ ਕਰਨ ਲਈ ਰਾਤ ਭਰ ਜਾਗਦਾ ਰਿਹਾ।

149. ਆਪਣੇ ਸੱਚੇ ਪਿਆਰ ਨਾਲ ਮੇਰੀ ਪ੍ਰਾਰਥਨਾ ਸੁਣੋ, ਮੈਨੂੰ ਸੁਣੋ। ਸਿਰਫ਼ ਉਹੀ ਗੱਲਾਂ ਕਰੋ ਜਿਨ੍ਹਾਂ ਨੂੰ ਤੁਸੀਂ ਸਹੀ ਆਖਦੇ ਹੋ, ਅਤੇ ਮੈਨੂੰ ਜਿਉਣ ਦੇਵੋ।

150. ਲੋਕ ਮੇਰੇ ਖਿਲਾਫ਼ ਮੰਦੀਆਂ ਯੋਜਨਾਵਾਂ ਬਣਾ ਰਹੇ ਹਨ। ਉਹ ਲੋਕ ਤੁਹਾਡੀਆਂ ਸਿੱਖਿਆਵਾਂ ਉੱਤੇ ਨਹੀਂ ਚੱਲਦੇ।

151. ਯਹੋਵਾਹ, ਤੁਸੀਂ ਮੇਰੇ ਨੇੜੇ ਹੋ। ਅਤੇ ਤੁਹਾਡੇ ਆਦੇਸ਼ਾ ਉੱਤੇ ਵਿਸ਼ਵਾਸ ਕੀਤਾ ਜਾ ਸੱਕਦਾ ਹੈ।

152. ਮੈਂ ਬਹੁਤ ਚਿਰ ਪਹਿਲਾ ਤੁਹਾਡੇ ਕਰਾਰ ਤੋਂ ਸਿੱਖਿਆ ਸੀ ਕਿ ਤੁਹਾਡੀਆਂ ਸਿੱਖਿਆਵਾਂ ਸਦਾ ਰਹਿਣਗੀਆਂ।

153. ਰੇਸ਼ ਯਹੋਵਾਹ, ਮੇਰੇ ਦੁੱਖ ਤੱਕੋ ਅਤੇ ਮੈਨੂੰ ਬਚਾਉ। ਮੈਂ ਤੁਹਾਡੀਆਂ ਸਿੱਖਿਆਵਾ ਨੂੰ ਭੁੱਲਿਆ ਨਹੀਂ ਹਾਂ।

154. ਯਹੋਵਾਹ, ਮੇਰੇ ਲਈ ਮੇਰੀ ਲੜਾਈ ਲੜੋ, ਅਤੇ ਮੈਨੂੰ ਬਚਾਉ। ਮੈਨੂੰ ਜਿਉਣ ਦਿਉ ਜਿਵੇਂ ਕਿ ਤੁਸੀਂ ਇਕਰਾਰ ਕੀਤਾ ਸੀ।

155. ਬੁਰੇ ਲੋਕ ਨਹੀਂ ਜਿੱਤਣਗੇ ਕਿਉਂਕਿ ਉਹ ਤੁਹਾਡੇ ਨੇਮਾਂ ਉੱਤੇ ਨਹੀਂ ਚੱਲਦੇ।

156. ਹੇ ਯਹੋਵਾਹ, ਤੁਸੀਂ ਬਹੁਤ ਦਯਾਵਾਨ ਹੋ। ਤੁਹਾਡਾ ਫ਼ੈਸਲਾ ਹੋਵੇ ਕਿ ਮੈਂ ਜਿਉਵਾਂ।

157. ਮੇਰੇ ਬਹੁਤ ਦੁਸ਼ਮਣ ਹਨ, ਜੋ ਮੈਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਮੈਂ ਤੁਹਾਡੇ ਕਰਾਰ ਉੱਤੇ ਚੱਲਣ ਤੋਂ ਨਹੀਂ ਹਟਿਆ ਹਾਂ।

158. ਮੈਂ ਉਨ੍ਹਾਂ ਗੱਦਾਰਾਂ ਨੂੰ ਦੇਖਦਾ ਹਾਂ। ਉਹ ਤੁਹਾਡੇ ਸ਼ਬਦਾ ਨੂੰ ਨਹੀਂ ਮੰਨਦੇ ਹਨ। ਯਹੋਵਾਹ, ਅਤੇ ਮੈਂ ਇਸ ਨੂੰ ਨਫ਼ਰਤ ਕਰਦਾ ਹਾਂ।

159. ਦੇਖੋ, ਮੈਂ ਤੁਹਾਡੇ ਆਦੇਸ਼ਾ ਨੂੰ ਮੰਨਣ ਲਈ ਸਖਤ ਮਿਹਨਤ ਕਰਦਾ ਹਾਂ। ਯਹੋਵਾਹ, ਮੈਨੂੰ ਆਪਣੇ ਸਾਰੇ ਪਿਆਰ ਨਾਲ ਜਿਉਣ ਦਿਉ।

160. ਸ਼ੁਰੂ ਤੋਂ ਹੀ, ਤੁਹਾਡੇ ਸਾਰੇ ਸ਼ਬਦਾ ਉੱਤੇ ਵਿਸ਼ਵਾਸ ਹੋ ਸੱਕਦਾ ਸੀ। ਯਹੋਵਾਹ, ਤੁਹਾਡਾ ਸ਼ੁਭ ਨੇਮ ਸਦਾ ਹੀ ਰਹੇਗਾ।

161. ਸ਼ੀਨ ਸ਼ਕਤੀਸ਼ਾਲੀ ਆਗੂਆ ਨੇ ਮੇਰੇ ਉੱਤੇ ਅਕਾਰਣ ਹੀ ਹਮਲਾ ਕੀਤਾ। ਪਰ ਮੈਂ ਡਰਦਾ ਅਤੇ ਸਿਰਫ਼ ਤੁਹਾਡੇ ਹੀ ਨੇਮ ਦਾ ਆਦਰ ਕਰਦਾ ਹਾਂ।

162. ਯਹੋਵਾਹ, ਤੁਹਾਡਾ ਸ਼ਬਦ ਮੈਨੂੰ ਖੁਸ਼ੀ ਦਿੰਦਾ ਹੈ, ਉਸ ਬੰਦੇ ਜਿੰਨਾ ਖੁਸ਼, ਜਿਸ ਨੂੰ ਹੁਣੇ-ਹੁਣ ਵੱਡਾ ਖਜ਼ਾਨਾ ਮਿਲ ਗਿਆ ਹੋਵੇ।

163. ਮੈਂ ਝੂਠ ਨੂੰ ਨਫ਼ਰਤ ਕਰਦਾ ਹਾਂ, ਮੈਂ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕਰ ਸੱਕਦਾ। ਪਰ ਹੇ ਯਹੋਵਾਹ ਮੈਂ ਤੁਹਾਡੀਆਂ ਸਿੱਖਿਆਵਾਂ ਨੂੰ ਪਿਆਰ ਕਰਦਾ ਹਾਂ।

164. ਮੈਂ ਦਿਨ ਵਿੱਚ ਸੱਤ ਵਾਰੀ ਤੁਹਾਡੇ ਚੰਗੇ ਨੇਮਾਂ ਲਈ ਤੁਹਾਡੀ ਉਸਤਤਿ ਕਰਦਾ ਹਾਂ।

165. ਉਹ ਲੋਕ ਜਿਹੜੇ ਤੁਹਾਡੇ ਉਪਦੇਸ਼ਾ ਨੂੰ ਪਿਆਰ ਕਰਦੇ ਹਨ ਅਸਲੀ ਸ਼ਾਂਤੀ ਪ੍ਰਾਪਤ ਕਰਨਗੇ। ਅਤੇ ਉਨ੍ਹਾਂ ਨੂੰ ਕੁਝ ਵੀ ਨਹੀਂ ਡੇਗ ਸੱਕੇਗਾ।

166. ਯਹੋਵਾਹ, ਮੈਂ ਤੁਹਾਡੇ ਵੱਲੋਂ ਬਚਾਏ ਜਾਣ ਦਾ ਇੰਤਜ਼ਾਰ ਕਰ ਰਿਹਾ ਹਾਂ। ਮੈਂ ਤੁਹਾਡੇ ਆਦੇਸ਼ ਮੰਨੇ ਸਨ।

167. ਮੈਂ ਤੁਹਾਡੇ ਕਰਾਰ ਅਨੁਸਾਰ ਚੱਲਿਆ ਸਾਂ। ਯਹੋਵਾਹ, ਮੈਂ ਤੁਹਾਡੇ ਨੇਮਾਂ ਨੂੰ ਬਹੁਤ ਪਿਆਰ ਕਰਦਾ ਹਾਂ।

168. ਮੈਂ ਤੁਹਾਡੇ ਕਰਾਰ ਅਤੇ ਆਦੇਸ਼ਾ ਨੂੰ ਮੰਨਿਆ ਹੈ। ਯਹੋਵਾਹ, ਤੁਸੀਂ ਉਸ ਸਭ ਕੁਝ ਬਾਰੇ ਜਾਣਦੇ ਹੋ ਜੋ ਮੈਂ ਕੀਤਾ ਹੈ।

169. ਤਾਉ ਯਹੋਵਾਹ, ਮੇਰਾ ਖੁਸ਼ੀ ਭਰਿਆ ਗੀਤ ਸੁਣੋ। ਮੈਨੂੰ ਬਚਾਉ ਜਿਵੇਂ ਤੁਸੀਂ ਸਿਆਣਾ ਇਕਰਾਰ ਕੀਤਾ ਸੀ।

170. ਯਹੋਵਾਹ, ਮੇਰੀ ਪ੍ਰਾਰਥਨਾ ਨੂੰ ਸੁਣੋ। ਮੈਨੂੰ ਬਚਾਉ ਜਿਵੇਂ ਤੁਸੀਂ ਇਕਰਾਰ ਕੀਤਾ ਸੀ।

171. ਮੈਂ ਅਚਾਨਕ ਉਸਤਤਿ ਦੇ ਗੀਤ ਗਾਉਣ ਲੱਗਦਾ ਹਾਂ, ਕਿਉਂ ਕਿ ਤੁਸੀਂ ਮੈਨੂੰ ਆਪਣੇ ਨੇਮ ਸਿੱਖਾਏ ਸਨ।

172. ਮੈਨੂੰ ਤੁਹਾਡੇ ਸ਼ਬਦਾ ਨੂੰ ਗਾਉਣ ਦਿਉ। ਅਤੇ ਮੈਨੂੰ ਮੇਰਾ ਗੀਤ ਗਾਉਣ ਦਿਉ। ਯਹੋਵਾਹ, ਤੁਹਾਡੇ ਸਮੂਹ ਨੇਮ ਚੰਗੇ ਹਨ।

173. ਮੈਂ ਤੁਹਾਡੇ ਆਦੇਸ਼ਾ ਨੂੰ ਪਾਲਣ ਦੀ ਚੋਣ ਕੀਤੀ ਸੀ। ਇਸ ਲਈ ਮੇਰੇ ਕੋਲ ਪਹੁੰਚੇ ਅਤੇ ਮੇਰੀ ਮਦਦ ਕਰੋ।

174. ਯਹੋਵਾਹ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਬਚਾਉ। ਪਰ ਤੁਹਾਡੀਆਂ ਸਿੱਖਿਆਵਾਂ ਮੈਨੂੰ ਖੁਸ਼ੀ ਦਿੰਦੀਆਂ ਹਨ।

175. ਮੈਨੂੰ ਜਿਉਣ ਦਿਉ ਅਤੇ ਤੁਹਾਡੀ ਉਸਤਤਿ ਕਰਨ ਦਿਉ। ਯਹੋਵਾਹ ਤੁਹਾਡੇ ਨੇਮਾਂ ਨੂੰ ਮੇਰੀ ਮਦਦ ਕਰਨ ਦਿਉ।

176. ਮੈਂ ਗੁਆਚੀ ਭੇਡਾਂ ਵਾਂਗ ਭਟਕਿਆ ਹਾਂ। ਮੇਰੀ ਤਲਾਸ਼ ਵਿੱਚ ਆਉ। ਯਹੋਵਾਹ, ਮੈਂ ਤੁਹਾਡਾ ਸੇਵਕ ਹਾਂ, ਅਤੇ ਮੈਂ ਤੁਹਾਡੇ ਆਦੇਸ਼ਾ ਨੂੰ ਭੁੱਲਿਆ ਨਹੀਂ ਹਾਂ।

Bibles

Books

Chapters