ਚਾਰ ਹਜ਼ਾਰ ਨੂੰ ਖੁਆਉਣਾ

1. ਯਿਸੂ ਦਾ ਚਾਰ ਹਜ਼ਾਰ ਤੋਂ ਵੱਧੀਕ ਨੂੰ ਭੋਜਨ ਕਰਾਉਣਾ ਉਨ੍ਹਾਂ ਦਿਨਾਂ ਵਿੱਚ ਹੀ, ਯਿਸੂ ਦੇ ਦੁਆਲੇ ਬਹੁਤ ਸਾਰੇ ਲੋਕ ਫ਼ੇਰ ਇਕੱਠੇ ਹੋਏ। ਤੇ ਉਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਸੀ। ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ,

2. “ਮੈਨੂੰ ਇਨ੍ਹਾਂ ਲੋਕਾਂ ਤੇ ਤਰਸ ਆਉਂਦਾ ਹੈ ਕਿਉਂਕਿ ਇਹ ਪਿੱਛਲੇ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਰਹਿ ਰਹੇ ਹਨ ਅਤੇ ਹੁਣ ਇਨ੍ਹਾਂ ਕੋਲ ਖਾਣ ਨੂੰ ਕੁਝ ਵੀ ਨਹੀਂ ਹੈ।

3. ਜੇਕਰ ਮੈਂ ਇਨ੍ਹਾਂ ਨੂੰ ਭੁੱਖਿਆਂ ਭੇਜਦਾ ਹਾਂ। ਇਹ ਰਾਹ ਵਿੱਚ ਹੀ ਬੇਹੋਸ਼ ਹੋ ਜਾਣਗੇ। ਕੁਝ ਲੋਕ ਇਨ੍ਹਾਂ ਵਿੱਚੋਂ ਇੱਥੋਂ ਕਾਫ਼ੀ ਦੂਰ ਰਹਿੰਦੇ ਹਨ।”

4. ਯਿਸੂ ਦੇ ਚੇਲਿਆਂ ਨੇ ਆਖਿਆ, “ਪਰ ਅਸੀਂ ਇੱਥੇ ਕਿਸੇ ਵੀ ਸ਼ਹਿਰ ਤੋਂ ਬਹੁਤ ਦੂਰ ਹਾਂ ਅਤੇ ਅਸੀਂ ਇਸ ਲਈ ਇੰਨੇ ਸਾਰੇ ਲੋਕਾਂ ਲਈ ਖਾਣ ਦਾ ਇੰਤਜ਼ਾਮ ਕਿੱਥੋਂ ਕਰ ਸੱਕਦੇ ਹਾਂ?”

5. ਫ਼ੇਰ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?” ਚੇਲਿਆਂ ਨੇ ਕਿਹਾ, “ਸਾਡੇ ਕੋਲ ਸਿਰਫ਼ ਸੱਤ ਰੋਟੀਆਂ ਹਨ।”

6. ਯਿਸੂ ਨੇ ਲੋਕਾਂ ਨੂੰ ਜ਼ਮੀਨ ਤੇ ਬੈਠਣ ਲਈ ਕਿਹਾ। ਉਸ ਨੇ ਸੱਤ ਰੋਟੀਆਂ ਲੈ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਰੋਟੀਆਂ ਤੋੜੀਆਂ ਅਤੇ ਆਪਣੇ ਚੇਲਿਆਂ ਨੂੰ ਦੇ ਦਿੱਤੀਆਂ। ਉਨ੍ਹਾਂ ਨੂੰ ਕਿਹਾ ਕਿ ਇਹ ਰੋਟੀਆਂ ਇਕੱਠੀ ਹੋਈ ਭੀੜ ਨੂੰ ਵੰਡ ਦੇਵੋ। ਚੇਲਿਆਂ ਨੇ ਉਵੇਂ ਕੀਤਾ ਜਿਵੇਂ ਉਸ ਨੇ ਆਖਿਆ ਸੀ।

7. ਚੇਲਿਆਂ ਕੋਲ ਕੁਝ ਛੋਟੀਆਂ ਮੱਛੀਆਂ ਵੀ ਸਨ ਅਤੇ ਉਸ ਨੇ ਮੱਛੀ ਵੀ ਲਈ ਅਤੇ ਪਰਮੇਸ਼ੁਰ ਦਾ ਧੰਨਵਾਦ ਕੀਤਾ। ਅਤੇ ਉਸ ਨੇ ਉਨ੍ਹਾਂ ਨੂੰ ਮੱਛੀਆਂ ਵੀ ਲੋਕਾਂ ਵਿੱਚ ਵੰਡਣ ਲਈ ਕਿਹਾ।

8. ਸਭ ਲੋਕਾਂ ਨੇ ਢਿੱਡ ਭਰਕੇ ਖਾਧਾ। ਇਸਤੋਂ ਬਾਅਦ ਚੇਲਿਆਂ ਨੇ ਬਚੇ ਹੋਏ ਭੋਜਨ ਦੇ ਟੁਕੜਿਆਂ ਨਾਲ ਸੱਤ ਟੋਕਰੇ ਭਰੇ।

9. ਤਕਰੀਬਨ ਚਾਰ ਹਜ਼ਾਰ ਲੋਕਾਂ ਨੇ ਭੋਜਨ ਕੀਤਾ, ਜਦੋਂ ਉਹ ਖਾ ਚੁੱਕੇ ਤਾਂ ਯਿਸੂ ਨੇ ਉਨ੍ਹਾਂ ਨੂੰ ਘਰ ਜਾਣ ਨੂੰ ਕਿਹਾ।

10. ਤਦ ਯਿਸੂ ਆਪਣੇ ਚੇਲਿਆਂ ਨਾਲ ਬੇੜੀ ਵਿੱਚ ਚੜ੍ਹ੍ਹ ਗਿਆ ਅਤੇ ਦਲਮਨੂਥਾ ਦੇ ਇਲਾਕੇ ਵਿੱਚ ਆਇਆ।

ਫ਼ਰੀਸੀ ਇੱਕ ਨਿਸ਼ਾਨੀ ਭਾਲਦੇ ਹਨ

11. ਫ਼ਰੀਸੀਆਂ ਨੇ ਯਿਸੂ ਨੂੰ ਪਰਤਾਉਂਣ ਦੀ ਕੋਸ਼ਿਸ਼ ਕੀਤੀ ਫ਼ਰੀਸੀ ਯਿਸੂ ਕੋਲ ਆਏ ਅਤੇ ਉਸ ਨੂੰ ਕੁਝ ਸਵਾਲ ਕੀਤੇ। ਉਹ ਯਿਸੂ ਨੂੰ ਪਰਤਿਆਉਣਾ ਚਾਹੁੰਦੇ ਸਨ ਇਸੇ ਲਈ ਉਨ੍ਹਾਂ ਨੇ ਉਸ ਨੂੰ ਕਿਹਾ, “ਇਹ ਦੱਸਣ ਲਈ, ਤੂੰ ਕੋਈ ਕਰਿਸ਼ਮਾ ਕਰਕੇ ਵਿਖਾ ਕਿ ਉਹ ਪਰਮੇਸ਼ੁਰ ਵੱਲੋਂ ਹੈ।”

12. ਯਿਸੂ ਨੇ ਆਪਣੇ ਆਤਮਾ ਤੋਂ ਹਉਂਕਾ ਭਰਕੇ ਕਿਹਾ, “ਤੁਸੀਂ ਕੋਈ ਕਰਿਸ਼ਮਾ ਕਿਉਂ ਵੇਖਣਾ ਚਾਹੁੰਦੇ ਹੋ? ਪਰ ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਕਿ ਤੁਹਾਨੂੰ ਕੋਈ ਕਰਿਸ਼ਮਾ ਨਹੀਂ ਵਿਖਾਇਆ ਜਾਵੇਗਾ।”

ਫ਼ਰੀਸੀਆਂ ਅਤੇ ਹੇਰੋਦੇਸ ਦੇ ਖਮੀਰ ਤੋਂ ਸਾਵਧਾਨ ਰਹੋ

13. ਫ਼ੇਰ ਉਹ ਫ਼ਰੀਸੀਆਂ ਨੂੰ ਛੱਡ ਕੇ, ਬੇੜੀ ਵਿੱਚ ਚੜ੍ਹ੍ਹਿਆ ਅਤੇ ਝੀਲ ਪਾਰ ਕਰ ਗਿਆ।

14. ਯਿਸੂ ਨੇ ਯਹੂਦੀ ਆਗੂਆਂ ਨੂੰ ਖ਼ਬਰਦਾਰ ਕੀਤਾ ਚੇਲਿਆਂ ਕੋਲ ਬੇੜੀ ਵਿੱਚ ਸਿਰਫ਼ ਇੱਕੋ ਹੀ ਰੋਟੀ ਸੀ, ਚੇਲੇ ਆਪਣੇ ਨਾਲ ਰੋਟੀ ਲਿਆਉਣੀ ਭੁੱਲ ਗਏ ਸਨ।

15. ਯਿਸੂ ਨੇ ਉਨ੍ਹਾਂ ਨੂੰ ਖ਼ਬਰਦਾਰ ਕੀਤਾ ਅਤੇ ਆਖਿਆ, “ਸਾਵੱਧਾਨ ਰਹੋ ਅਤੇ ਆਪਣੇ-ਆਪ ਨੂੰ ਫ਼ਰੀਸੀਆਂ ਦੇ ਖਮੀਰ ਅਤੇ ਹੇਰੋਦੇਸ ਦੇ ਖਮੀਰ ਤੋਂ ਬਚਾਓ!”

16. ਚੇਲਿਆਂ ਨੇ ਆਪਸ ਵਿੱਚ ਇਸ ਗੱਲ ਤੇ ਵਿੱਚਾਰ ਕੀਤਾ ਅਤੇ ਕਿਹਾ, “ਉਸਨੇ ਇਹ ਇਸ ਲਈ ਆਖਿਆ ਹੈ ਕਿਉਂਕਿ ਸਾਡੇ ਕੋਲ ਰੋਟੀ ਨਹੀਂ ਹੈ।”

17. ਯਿਸੂ ਜਾਣਦਾ ਸੀ ਕਿ ਉਸ ਦੇ ਚੇਲੇ ਇਸ ਬਾਰੇ ਗੱਲ ਕਰ ਰਹੇ ਹਨ। ਇਸੇ ਲਈ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਇਹ ਵਿੱਚਾਰ ਕਿਉਂ ਕਰ ਰਹੇ ਹੋ ਕਿ ਸਾਡੇ ਕੋਲ ਰੋਟੀ ਨਹੀਂ ਹੈ? ਕੀ ਤੁਸੀਂ ਅਜੇ ਵੀ ਵੇਖ ਸਮਝ ਨਹੀਂ ਸੱਕਦੇ? ਕੀ ਤੁਸੀਂ ਇਹ ਸਮਝਣ ਦੇ ਸਮਰੱਥ ਨਹੀਂ?

18. ਕੀ ਤੁਸੀਂ ਆਪਣੀਆਂ ਅੱਖਾਂ ਨਾਲ ਨਹੀਂ ਵੇਖ ਸੱਕਦੇ? ਕੀ ਤੁਸੀਂ ਆਪਣੇ ਕੰਨਾਂ ਨਾਲ ਨਹੀਂ ਸੁਣ ਸੱਕਦੇ? ਕੀ ਤੁਹਾਨੂੰ ਯਾਦ ਨਹੀਂ ਜਦੋਂ ਸਾਡੇ ਖਾਣ ਨੂੰ ਕੁਝ ਨਹੀਂ ਸੀ ਤਾਂ ਮੈਂ ਕੀ ਕੀਤਾ ਸੀ।

19. ਮੈਂ ਪੰਜ ਰੋਟੀਆਂ ਨੂੰ ਪੰਜ-ਹਜ਼ਾਰ ਲੋਕਾਂ ਵਿੱਚ ਵੰਡਿਆ ਸੀ। ਕੀ ਤੁਹਾਨੂੰ ਯਾਦ ਹੈ, ਲੋਕਾਂ ਨੂੰ ਖੁਆਉਣ ਤੋਂ ਬਾਅਦ ਬਚੇ ਹੋਏ ਭੋਜਨ ਦੇ ਟੁਕੜਿਆਂ ਦੀਆਂ ਤੁਸੀਂ ਕਿੰਨੀਆਂ ਟੋਕਰੀਆਂ ਭਰੀਆਂ ਸਨ?” ਚੇਲਿਆਂ ਨੇ ਜਵਾਬ ਦਿੱਤਾ, “ਅਸੀਂ ਬਾਰ੍ਹਾਂ, ਟੋਕਰੀਆਂ ਭਰੀਆਂ ਸਨ।”

20. “ਅਤੇ ਯਾਦ ਕਰੋ ਜਦੋਂ ਮੈਂ ਸੱਤ ਰੋਟੀਆਂ ਨੂੰ ਵੰਡਕੇ ਚਾਰ ਹਜ਼ਾਰ ਲੋਕਾਂ ਵਿੱਚ ਵੰਡਿਆ ਸੀ, ਅਤੇ ਤੁਸੀਂ ਬਚੇ ਹੋਏ ਭੋਜਨ ਦੇ ਟੁਕੜਿਆਂ ਦੀਆਂ ਕਿੰਨੀਆਂ ਟੋਕਰੀਆਂ ਭਰੀਆਂ ਸਨ?” ਚੇਲਿਆਂ ਨੇ ਉੱਤਰ ਦਿੱਤਾ, “ਅਸੀਂ ਸੱਤ ਟੋਕਰੀਆਂ ਭਰੀਆਂ ਸਨ।”

21. ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਹਾਨੂੰ ਯਾਦ ਹੈ ਮੈਂ ਜੋ ਕੁਝ ਕੀਤਾ ਸੀ, ਪਰ ਕੀ ਫ਼ੇਰ ਵੀ ਤੁਸੀਂ ਨਹੀਂ ਸਮਝਦੇ?”

ਬੈਤਸੈਦਾ ਵਿਖੇ ਇੱਕ ਅੰਨ੍ਹਾ ਆਦਮੀ ਚੰਗਾ ਹੋਇਆ

22. ਯਿਸੂ ਦਾ ਬੈਤਸੈਦਾ ਵਿੱਚ ਇੱਕ ਅੰਨ੍ਹੇ ਨੂੰ ਠੀਕ ਕਰਨਾ ਯਿਸੂ ਅਤੇ ਉਸ ਦੇ ਚੇਲੇ ਬੈਤਸੈਦਾ ਨੂੰ ਆਏ। ਉੱਥੇ ਕੁਝ ਲੋਕ ਉਸ ਕੋਲ ਇੱਕ ਅੰਨ੍ਹੇ ਆਦਮੀ ਨੂੰ ਲਿਆਏ। ਉਨ੍ਹਾਂ ਨੇ ਉਸ ਅੱਗੇ ਮਿੰਨਤ ਕੀਤੀ ਕਿ ਉਹ ਉਸ ਨੂੰ ਛੋਹੇ।

23. ਤਾਂ ਉਹ ਅੰਨ੍ਹੇ ਆਦਮੀ ਦਾ ਹੱਥ ਫ਼ੜਕੇ ਉਸ ਨੂੰ ਸ਼ਹਿਰੋਂ ਬਾਹਰ ਲੈ ਗਿਆ। ਫ਼ੇਰ ਯਿਸੂ ਨੇ ਉਸਦੀਆਂ ਅੱਖਾਂ ਤੇ ਥੁੱਕਿਆ ਅਤੇ ਆਪਣੇ ਹੱਥ ਉਸ ਉੱਤੇ ਰੱਖਕੇ ਪੁੱਛਿਆ, “ਕੀ ਹੁਣ ਤੂੰ ਕੁਝ ਵੇਖ ਸੱਕਦਾ ਹੈ?”

24. ਅੰਨ੍ਹੇ ਆਦਮੀ ਨੇ ਨਜ਼ਰ ਪੱਟਕੇ ਵੇਖਿਆ ਅਤੇ ਕਿਹਾ, “ਹਾਂ, ਮੈਂ ਲੋਕਾਂ ਨੂੰ ਵੇਖਦਾ ਹਾਂ ਅਤੇ ਉਹ ਤੁਰਦੇ ਫ਼ਿਰਦੇ ਮੈਨੂੰ ਰੁੱਖਾਂ ਵਾਂਗ ਦਿਸਦੇ ਹਨ।”

25. ਤਦ ਯਿਸੂ ਨੇ ਫ਼ੇਰ ਉਸਦੀਆਂ ਅੱਖਾਂ ਉੱਤੇ ਹੱਥ ਰੱਖੇ ਤਾਂ ਉਸ ਆਦਮੀ ਨੇ ਅੱਖਾਂ ਖੋਲ੍ਹਕੇ ਵੇਖਿਆ ਤਾਂ ਉਸਦੀਆਂ ਅੱਖਾਂ ਠੀਕ ਸਨ ਅਤੇ ਹੁਣ ਉਹ ਸਭ ਕੁਝ ਸਾਫ਼ ਵੇਖਣ ਦੇ ਸਮਰੱਥ ਸੀ।

26. ਯਿਸੂ ਨੇ ਉਸ ਆਦਮੀ ਨੂੰ ਘਰ ਵਾਪਸ ਜਾਣ ਲਈ ਆਖਿਆ ਅਤੇ ਚਿਤਾਵਨੀ ਦਿੱਤੀ, “ਸ਼ਹਿਰ ਵਿੱਚ ਨਾ ਜਾਵੀਂ।”

ਪੀਟਰ ਨੇ ਯਿਸੂ ਨੂੰ ਮਸੀਹ ਵਜੋਂ ਸਵੀਕਾਰ ਕੀਤਾ

27. ਪਤਰਸ ਨੇ ਕਿਹਾ ਯਿਸੂ ਹੀ ਮਸੀਹ ਹੈ ਯਿਸੂ ਅਤੇ ਉਸ ਦੇ ਚੇਲੇ ਉਨ੍ਹਾਂ ਨਗਰਾਂ ਵਿੱਚ ਗਏ ਜੋ ਕੈਸਰੀਆ ਫ਼ਿਲਿੱਪੀ ਦੇ ਇਲਾਕੇ ਵਿੱਚ ਸਨ। ਜਦੋਂ ਉਹ ਰਸਤੇ ਵਿੱਚ ਸਨ ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਪੁੱਛਿਆ, “ਲੋਕ ਕੀ ਕਹਿੰਦੇ ਹਨ ਮੈਂ ਕੌਣ ਹਾਂ?”

28. ਚੇਲਿਆਂ ਨੇ ਆਖਿਆ, “ਕੁਝ ਲੋਕ ਆਖਦੇ ਹਨ ਕਿ ਤੂੰ ਯੂਹੰਨਾ ਬਪਤਿਸਮਾ ਦੇਣ ਵਾਲਾ ਹੈਂ ਤੇ ਕੁਝ ਆਖਦੇ ਹਨ ਤੂੰ ਏਲੀਯਾਹ ਹੈਂ। ਅਤੇ ਕੁਝ ਆਖਦੇ ਹਨ ਕਿ ਤੂੰ ਨਬੀਆਂ ਵਿੱਚੋਂ ਹੈ।”

29. ਤਾਂ ਯਿਸੂ ਨੇ ਆਖਿਆ, “ਤੁਸੀਂ ਕੀ ਕਿਹਾ ਕਿ ਮੈਂ ਕੌਣ ਹਾਂ?” ਪਤਰਸ ਨੇ ਜਵਾਬ ਦਿੱਤਾ, “ਤੂੰ ਮਸੀਹ ਹੈਂ।”

30. ਫ਼ਿਰ ਉਸ ਨੇ ਚੇਲਿਆਂ ਨੂੰ ਕੜੀ ਚਿਤਾਵਨੀ ਦਿੱਤੀ, “ਕਿਸੇ ਨੂੰ ਵੀ ਮੇਰੇ ਬਾਰੇ ਕੁਝ ਨਾ ਦਸਿਓ।”

ਯਿਸੂ ਨੇ ਆਪਣੀ ਮੌਤ ਅਤੇ ਜੀ ਉੱਠਣ ਦੀ ਭਵਿੱਖਬਾਣੀ ਕੀਤੀ

31. ਯਿਸੂ ਕਹਿੰਦਾ ਉਸ ਨੂੰ ਮਰਨਾ ਚਾਹੀਦਾ ਫ਼ਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਉਪਦੇਸ਼ ਦੇਣੇ ਸ਼ੁਰੂ ਕੀਤੇ ਕਿ ਕਿਵੇਂ ਮਨੁੱਖ ਦੇ ਪੁੱਤਰ ਨੂੰ ਬਹੁਤ ਸਾਰੀਆਂ ਤਕਲੀਫ਼ਾਂ ਰਾਹੀਂ ਗੁਜ਼ਰਨਾ ਪਵੇਗਾ। ਉਸ ਨੇ ਇਹ ਵੀ ਆਖਿਆ ਕਿ ਬਜ਼ੁਰਗ ਯਹੂਦੀ ਆਗੂ, ਪ੍ਰਧਾਨ ਜਾਜਕ ਅਤੇ ਨੇਮ ਦੇ ਉਪਦੇਸ਼ਕ ਮਨੁੱਖ ਦੇ ਪੁੱਤਰ ਨੂੰ ਨਾਮੰਜ਼ੂਰ ਕਰਨਗੇ। ਅਤੇ ਯਿਸੂ ਨੇ ਇਹ ਵੀ ਆਖਿਆ ਕਿ ਮਨੁੱਖ ਦਾ ਪੁੱਤਰ ਮਾਰਿਆ ਜਾਵੇਗਾ। ਮਰਨ ਤੋਂ ਤਿੰਨ ਦਿਨ ਬਾਅਦ ਉਹ ਫ਼ਿਰ ਜੀਅ ਉੱਠੇਗਾ।

32. ਜੋ ਕੁਝ ਵੀ ਵਾਪਰਨ ਵਾਲਾ ਸੀ। ਯਿਸੂ ਨੇ ਉਹ ਸਭ ਕੁਝ ਆਪਣੇ ਚੇਲਿਆਂ ਨੂੰ ਦੱਸ ਦਿੱਤਾ। ਉਸ ਨੇ ਕੋਈ ਵੀ ਭੇਦ ਨਾ ਰੱਖਿਆ। ਤਦ ਪਤਰਸ ਉਸ ਨੂੰ ਇੱਕ ਪਾਸੇ ਲੈਜਾ ਕੇ ਉਸਦੀਆਂ ਕਹੀਆਂ ਗੱਲਾਂ ਕਾਰਣ ਉਸ ਨੂੰ ਝਿੜਕਣ ਲੱਗਾ।

33. ਪਰ ਯਿਸੂ ਨੇ ਮੂੰਹ ਫ਼ੇਰ ਲਿਆ ਅਤੇ ਆਪਣੇ ਚੇਲਿਆਂ ਵੱਲ ਤੱਕਿਆ। ਤਦ ਉਸ ਨੇ ਪਤਰਸ ਨੂੰ ਨਿੰਦਿਆ ਅਤੇ ਉਸ ਨੂੰ ਕਿਹਾ, “ਮੇਰੇ ਤੋਂ ਦੂਰ ਚੱਲਿਆ ਜਾ ਸ਼ੈਤਾਨ। ਤੇਰੀ ਸੋਚਣੀ ਮਨੁੱਖਾਂ ਵਰਗੀ ਹੈ ਨਾ ਕਿ ਪਰਮੇਸ਼ੁਰ ਵਰਗੀ।”

ਸਲੀਬ ਚੁੱਕੋ ਅਤੇ ਉਸਦਾ ਅਨੁਸਰਣ ਕਰੋ

34. ਤਦ ਯਿਸੂ ਨੇ ਲੋਕਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਦੇ ਚੇਲੇ ਵੀ ਉਸ ਦੇ ਨਾਲ ਸਨ। ਉਸ ਨੇ ਉਨ੍ਹਾਂ ਨੂੰ ਕਿਹਾ, “ਜੇ ਕੋਈ ਮੇਰੇ ਪਿੱਛੇ ਚੱਲਣਾ ਚਾਹੁੰਦਾ ਹੈ, ਉਸ ਨੂੰ ਉਹ ਛੱਡਣਾ ਪਵੇਗਾ ਜੋ ਉਹ ਚਾਹੁੰਦਾ ਹੈ ਅਤੇ ਉਹ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।

35. ਕਿਉਂਕਿ ਜੇਕਰ ਕੋਈ ਮਨੁੱਖ ਆਪਣੀ ਜਾਨ ਬਚਾਉਣੀ ਚਾਹੁੰਦਾ ਹੈ, ਉਹ ਉਸ ਨੂੰ ਗੁਆ ਲਵੇਗਾ। ਪਰ ਜੇਕਰ ਕੋਈ ਮਨੁੱਖ ਮੇਰੇ ਲਈ ਅਤੇ ਖੁਸ਼ਖਬਰੀ ਲਈ ਆਪਣੀ ਜਾਨ ਵਾਰੇਗਾ, ਉਹ ਉਸ ਨੂੰ ਬਚਾ ਲਵੇਗਾ।

36. ਪਰ ਕੀ ਫ਼ਾਇਦਾ ਜੇਕਰ ਕੋਈ ਵਿਅਕਤੀ ਸਾਰੀ ਦੁਨੀਆਂ ਨੂੰ ਪਾ ਲਵੇ ਪਰ ਆਪਣੀ ਜਾਨ ਗੁਆ ਲਵੇ?

37. ਕਿਉਂਕਿ ਇੱਕ ਮਨੁੱਖ ਆਪਣੀ ਜਾਨ ਦੇ ਮੋੜੇ ਦੀ ਕੀ ਕੀਮਤ ਤਾਰ ਸੱਕਦਾ ਹੈ?

38. ਕਿਉਂਕਿ ਜੋ ਮਨੁੱਖ ਇਸ ਪੀੜ੍ਹੀ ਵਿੱਚ ਜੀਅ ਰਹੇ ਹਨ ਉਹ ਬੜੀ ਬੁਰੀ ਅਤੇ ਪਾਪ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਜੇਕਰ ਕੋਈ ਮੇਰੇ ਅਤੇ ਮੇਰੇ ਉਪਦੇਸ਼ ਬਾਰੇ ਸ਼ਰਮਿੰਦਗੀ ਮਹਿਸੂਸ ਕਰਦਾ ਹੈ ਤਾਂ, ਮੈਂ ਵੀ ਉਦੋਂ ਉਸ ਵਿਅਕਤੀ ਤੋਂ ਸ਼ਰਮਾਵਾਂਗਾ ਜਦੋਂ ਮੈਂ ਆਪਣੇ ਪਿਤਾ ਦੀ ਮਹਿਮਾ ਅਤੇ ਪਵਿੱਤਰ ਦੂਤਾਂ ਸਣੇ ਆਵਾਂਗਾ।”

Bibles

Books

Chapters