ਉਹ ਜੀ ਉੱਠਿਆ ਹੈ
1. ਇਹ ਖਬਰ ਕਿ ਯਿਸੂ ਮੁੜ ਜੀਅ ਉੱਠਿਆ ਸਬਤ ਤੋਂ ਅਗਲੇ ਦਿਨ, ਮਰਿਯਮ ਮਗਦਲੀਨੀ, ਸਲੋਮੀ ਅਤੇ ਯਾਕੂਬ ਦੀ ਮਾਤਾ ਮਰਿਯਮ ਕੁਝ ਅਤਰ ਖਰੀਦ ਲਿਆਈਆਂ ਉਹ ਆਕੇ ਉਨ੍ਹਾਂ ਨੂੰ ਉਸ ਦੇ ਸਰੀਰ ਤੇ ਪਾਉਣਾ ਚਾਹੁੰਦੀਆਂ ਸਨ।
2. ਹਫ਼ਤੇ ਦੇ ਪਹਿਲੇ ਦਿਨ ਬਹੁਤ ਸਵੇਰੇ, ਸੂਰਜ ਚੜ੍ਹ੍ਹਨ ਤੋਂ ਬਾਦ ਉਹ ਕਬਰ ਤੇ ਆਈਆਂ।
3. ਉਨ੍ਹਾਂ ਨੇ ਆਪਸ ਵਿੱਚ ਆਖਿਆ, “ਇੱਕ ਵੱਡੇ ਪੱਥਰ ਨਾਲ ਕਬਰ ਦੇ ਪ੍ਰਵੇਸ਼ ਦੁਆਰ ਨੂੰ ਢੱਕਿਆ ਹੋਇਆ ਸੀ। ਸਾਡੇ ਲਈ ਇਸ ਨੂੰ ਇੱਕ ਪਾਸੇ ਕੌਣ ਰੇੜ੍ਹਗਾ?”
4. ਪਰ ਜਦੋਂ ਉਨ੍ਹਾਂ ਨੇ ਆਕੇ ਤੱਕਿਆ, ਤਾਂ ਉਨ੍ਹਾਂ ਨੇ ਵੇਖਿਆ ਕਿ ਕਬਰ ਦੇ ਪ੍ਰਵੇਸ਼ ਤੋਂ ਉਹ ਵੱਡਾ ਪੱਥਰ ਪਰ੍ਹਾਂ ਹਟਿਆ ਹੋਇਆ ਸੀ।
5. ਜਿਵੇਂ ਹੀ ਉਹ ਕਬਰ ਵਿੱਚ ਵੜੀਆਂ, ਉਨ੍ਹਾਂ ਨੇ ਇੱਕ ਜੁਆਨ ਆਦਮੀ ਨੂੰ ਸਫ਼ੇਦ ਕੱਪੜੇ ਪਾਈ ਕਬਰ ਦੇ ਸੱਜੇ ਪਾਸੇ ਬੈਠੇ ਵੇਖਿਆ। ਇਹ ਵੇਖਕੇ ਉਹ ਘਬਰਾਈਆਂ।
6. ਪਰ ਉਸ ਆਦਮੀ ਨੇ ਆਖਿਆ, “ਡਰੋ ਨਹੀਂ! ਤੁਸੀਂ ਯਿਸੂ ਨਾਸਰੀ ਨੂੰ ਲੱਭਦੀਆਂ ਹੋ, ਜੋ ਸਲੀਬ ਉੱਤੇ ਚੜ੍ਹਾਇਆ ਗਿਆ ਸੀ। ਉਹ ਤਾਂ ਫ਼ਿਰ ਜੀਅ ਉੱਠਿਆ ਹੈ। ਉਹ ਇੱਥੇ ਨਹੀਂ ਹੈ। ਵੇਖੋ! ਇਹ ਉਹੀ ਥਾਂ ਹੈ ਜਿੱਥੇ ਉਸ ਨੂੰ ਮਰਨ ਤੋਂ ਬਾਦ ਰੱਖਿਆ ਸੀ।
7. ਹੁਣ ਜਾਵੋ ਅਤੇ ਉਸ ਦੇ ਚੇਲਿਆਂ ਨੂੰ ਆਖੋ ਕਿ, ਖਾਸ ਕਰ ਪਤਰਸ ਨੂੰ ਜਾਕੇ ਕਹੋ ਕਿ, ‘ਯਿਸੂ ਤੁਹਾਡੇ ਤੋਂ ਪਹਿਲਾਂ ਹੀ ਗਲੀਲ ਵਿੱਚ ਪਹੁੰਚਿਆ ਹੋਵੇਗਾ। ਤੁਸੀਂ ਉਸ ਨੂੰ ਉੱਥੇ ਵੇਖੋਂਗੇ ਜਿਵੇਂ ਕਿ ਉਸ ਨੇ ਖੁਦ ਤੁਹਾਨੂੰ ਦੱਸਿਆ ਸੀ।’”
8. ਉਹ ਔਰਤਾਂ ਡਰ ਅਤੇ ਘਬਰਾਹਟ ਨਾਲ ਭਰੀਆਂ ਹੋਈਆਂ ਸਨ, ਅਤੇ ਕਬਰ ਕੋਲੋਂ ਭੱਜ ਗਈਆਂ। ਉਨ੍ਹਾਂ ਨੇ ਕਿਸੇ ਨੂੰ ਕੁਝ ਨਾ ਕਿਹਾ ਕਿਉਂਕਿ ਉਹ ਡਰੀਆਂ ਹੋਈਆਂ ਸਨ। (ਕੁਝ ਮਰਕੁਸ ਦੀਆਂ ਪੁਰਾਣੀਆਂ ਯੂਨਾਨੀ ਪੁਸਤਕਾਂ ਇਸ ਪੁਸਤਕ ਨੂੰ ਇੱਥੇ ਹੀ ਖਤਮ ਕਰਦੀਆਂ ਹਨ।)
ਮੈਰੀ ਮੈਗਡੇਲੀਨ ਜੀ ਉੱਠੇ ਪ੍ਰਭੂ ਨੂੰ ਵੇਖਦੀ ਹੈ
9. ਕੁਝ ਚੇਲਿਆਂ ਨੇ ਯਿਸੂ ਨੂੰ ਵੇਖਿਆ ਹਫ਼ਤੇ ਦੇ ਪਹਿਲੇ ਦਿਨ, ਤੜਕੇ, ਯਿਸੂ ਪਹਿਲਾਂ ਮਰਿਯਮ ਮਗਦਲੀਨੀ ਅੱਗੇ ਪ੍ਰਗਟ ਹੋਇਆ ਜਿਸ ਵਿੱਚੋਂ ਉਸ ਨੇ ਸੱਤ ਭੂਤਾਂ ਨੂੰ ਕੱਢਿਆ ਸੀ।
10. ਜਦੋਂ ਉਸ ਨੇ ਯਿਸੂ ਨੂੰ ਵੇਖਿਆ, ਉਹ ਗਈ ਅਤੇ ਚੇਲਿਆਂ ਨੂੰ ਕਿਹਾ, ਜੋ ਕਿ ਰੋ ਅਤੇ ਪਿੱਟ ਰਹੇ ਸਨ।
11. ਪਰ ਜਦੋਂ ਉਸ ਨੇ ਇਹ ਦੱਸਿਆ ਕਿ ਉਹ ਜੀ ਉੱਠਿਆ ਹੈ ਅਤੇ ਉਸ ਨੇ ਖੁਦ ਆਪਣੀ ਅੱਖੀਂ ਉਸ ਨੂੰ ਵੇਖਿਆ ਹੈ, ਚੇਲਿਆਂ ਨੇ ਇਸ ਗੱਲ ਨੂੰ ਸੱਚ ਨਾ ਮੰਨਿਆ।
ਯਿਸੂ ਦੋ ਚੇਲਿਆਂ ਨੂੰ ਪ੍ਰਗਟ ਹੁੰਦਾ ਹੈ
12. ਇਸ ਤੋਂ ਬਾਦ, ਯਿਸੂ ਆਪਣੇ ਦੋ ਚੇਲਿਆਂ ਨੂੰ ਦੂਸਰੇ ਰੂਪ ਵਿੱਚ ਪ੍ਰਗਟਿਆ ਜੋ ਕਿ ਆਪਣੇ ਪਿੰਡ ਦੇ ਰਾਹ ਤੇ ਤੁਰੇ ਜਾ ਰਹੇ ਸਨ।
13. ਇਹ ਚੇਲੇ ਵਾਪਸ ਗਏ ਅਤੇ ਇਸ ਬਾਰੇ ਬਾਕੀ ਦੇ ਚੇਲਿਆਂ ਨੂੰ ਦੱਸਿਆ, ਪਰ ਉਨ੍ਹਾਂ ਨੇ ਉਨ੍ਹਾਂ ਦਾ ਵੀ ਵਿਸ਼ਵਾਸ ਨਹੀਂ ਕੀਤਾ।
ਮਹਾਨ ਕਮਿਸ਼ਨ
14. ਯਿਸੂ ਦੀ ਰਸੂਲਾਂ ਨਾਲ ਗੱਲ-ਬਾਤ ਬਾਦ ਵਿੱਚ ਯਿਸੂ ਗਿਆਰ੍ਹਾਂ ਰਸੂਲਾਂ ਨੂੰ ਉਦੋਂ ਦਿਖਾਈ ਦਿੱਤਾ ਜਦੋਂ ਉਹ ਭੋਜਨ ਕਰ ਰਹੇ ਸਨ। ਉਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਥੋੜੇ ਵਿਸ਼ਵਾਸ ਅਤੇ ਉਨ੍ਹਾਂ ਦੀ ਜ਼ਿਦ ਲਈ ਝਿੜਕਿਆ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਤੇ ਵਿਸ਼ਵਾਸ ਨਹੀਂ ਕਿਤਾ ਜਿਨ੍ਹਾਂ ਨੇ ਉਸ ਨੂੰ ਜੀ ਉੱਠਣੇ ਤੋਂ ਬਾਦ ਵੇਖਿਆ ਸੀ।
15. ਉਸ ਨੇ ਉਨ੍ਹਾਂ ਨੂੰ ਆਖਿਆ, “ਸਾਰੀ ਦੁਨੀਆਂ ਵਿੱਚ ਜਾਵੋ ਅਤੇ ਹਰ ਵਿਅਕਤੀ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰੋ।
16. ਜੋ ਕੋਈ ਵੀ ਵਿਸ਼ਵਾਸ ਕਰੇਗਾ ਅਤੇ ਬਪਤਿਸਮਾ ਲਵੇਗਾ ਬਚਾਇਆ ਜਾਵੇਗਾ, ਅਤੇ ਜੋ ਕੋਈ ਵਿਸ਼ਵਾਸ ਨਹੀਂ ਕਰੇਗਾ ਉਸ ਨੂੰ ਦੰਡ ਦਿੱਤਾ ਜਾਵੇਗਾ।
17. ਅਤੇ ਜੋ ਕੋਈ ਵੀ ਵਿਸ਼ਵਾਸ ਕਰਦੇ ਹਨ ਇਹ ਕਰਿਸ਼ਮੇ ਸਬੂਤ ਦੇ ਤੌਰ ਤੇ ਕਰਨਗੇ: ਉਹ ਮੇਰੇ ਨਾਂ ਤੇ ਭੂਤਾਂ ਨੂੰ ਕੱਢਣਗੇ। ਅਤੇ ਉਹ ਨਵੀਆਂ-ਨਵੀਆਂ ਬੋਲੀਆਂ ਬੋਲਣਗੇ ਜਿਹੜੀਆਂ ਕਿ ਉਨ੍ਹਾਂ ਕਦੇ ਵੀ ਨਹੀਂ ਸਿੱਖੀਆਂ।
18. ਉਹ ਸੱਪਾਂ ਨੂੰ ਆਪਣੇ ਹੱਥਾਂ ਵਿੱਚ ਫ਼ੜ ਲੈਣਗੇ ਅਤੇ ਜੇਕਰ ਉਹ ਕੋਈ ਜਹਿਰ ਵਾਲੀ ਚੀਜ਼ ਪੀ ਲੈਣਗੇ, ਇਹ ਉਨ੍ਹਾਂ ਨੂੰ ਨੁਕਸਾਨ ਨਹੀਂ ਕਰੇਗੀ। ਜੇਕਰ ਉਹ ਬਿਮਾਰਾਂ ਉੱਤੇ ਹੱਥ ਰੱਖਣਗੇ ਉਹ ਠੀਕ ਹੋ ਜਾਣਗੇ।”
ਮਸੀਹ ਪਰਮੇਸ਼ੁਰ ਦੇ ਸੱਜੇ ਹੱਥ ਵੱਲ ਚੜ੍ਹਦਾ ਹੈ
19. ਯਿਸੂ ਸਵਰਗ ਨੂੰ ਵਾਪਸ ਜਾਂਦਾ ਹੈ ਜਦੋਂ ਯਿਸੂ ਉਨ੍ਹਾਂ ਨਾਲ ਗੱਲ ਕਰ ਹਟਿਆ, ਤਾਂ ਉਹ ਉੱਪਰ ਸਵਰਗ ਵਿੱਚ ਚੁੱਕ ਲਿਆ ਗਿਆ ਅਤੇ ਉਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠ ਗਿਆ।
20. ਤਾਂ ਉਸ ਦੇ ਚੇਲੇ ਚੱਲੇ ਗਏ ਤੇ ਉਨ੍ਹਾਂ ਨੇ ਸਾਰੀ ਦੁਨੀਆਂ ਵਿੱਚ ਜਾਕੇ ਇਸ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਅਤੇ ਪ੍ਰਭੂ ਨੇ ਉਨ੍ਹਾਂ ਦੀ ਮਦਦ ਕੀਤੀ। ਪ੍ਰਭੂ ਨੇ ਉਨ੍ਹਾਂ ਨਾਲ ਕੰਮ ਕੀਤਾ ਅਤੇ ਉਨ੍ਹਾਂ ਨੂੰ ਉਸ ਵੱਲੋਂ ਦਿੱਤੀ ਹੋਈ ਕਰਿਸ਼ਮੇ ਕਰਨ ਦੀ ਸ਼ਕਤੀ ਰਾਹੀਂ ਉਨ੍ਹਾਂ ਦੇ ਸੰਦੇਸ਼ ਨੂੰ ਪ੍ਰਮਾਣਿਤ ਕੀਤਾ।