ਇੱਕ ਭੂਤ-ਪ੍ਰਾਪਤ ਆਦਮੀ ਨੂੰ ਚੰਗਾ ਕੀਤਾ
1. ਯਿਸੂ ਦਾ ਇੱਕ ਆਦਮੀ ਨੂੰ ਭਰਿਸ਼ਟ ਆਤਮਾ ਤੋਂ ਮੁਕਤ ਕਰਨਾ ਯਿਸੂ ਅਤੇ ਉਸ ਦੇ ਚੇਲੇ ਝੀਲ ਦੇ ਦੂਜੇ ਪਾਰ ਗਏ ਅਤੇ ਗਿਰਸੇਨੀਆ ਦੇ ਦੇਸ਼ ਨੂੰ ਆਏ।
2. ਜਦੋਂ ਯਿਸੂ ਬੇੜੀ ਵਿੱਚੋਂ ਬਾਹਰ ਆਇਆ ਤਾਂ, ਕਬਰਾਂ ਵੱਲੋਂ ਇੱਕ ਮਨੁੱਖ ਜਿਸ ਨੂੰ ਭਰਿਸ਼ਟ ਆਤਮਾ ਚਿੰਬੜਿਆ ਹੋਇਆ ਸੀ, ਉਸ ਕੋਲ ਆਇਆ।
3. ਇਹ ਮਨੁੱਖ ਕਬਰਾਂ ਵਿੱਚਕਾਰ ਰਹਿੰਦਾ ਸੀ। ਕੋਈ ਉਸ ਨੂੰ ਜੰਜ਼ੀਰਾਂ ਨਾਲ ਵੀ ਨਹੀਂ ਬੰਨ੍ਹ ਸੱਕਦਾ ਸੀ।
4. ਕਈ ਵਾਰ ਉਸ ਦੇ ਹੱਥ ਅਤੇ ਪੈਰ ਸੰਗਲਾਂ ਨਾਲ ਜਕੜੇ ਗਏ ਸਨ। ਪਰ ਉਹ ਉਨ੍ਹਾਂ ਨੂੰ ਤੋੜ ਸੁੱਟਦਾ। ਕੋਈ ਵੀ ਆਦਮੀ ਇੰਨਾ ਤਾਕਤਵਰ ਨਹੀਂ ਸੀ ਕਿ ਉਸ ਨੂੰ ਕਾਬੂ ਕਰ ਸੱਕਦਾ।
5. ਦਿਨ-ਰਾਤ ਇਹ ਆਦਮੀ ਕਬਰਾਂ ਵਿੱਚਕਾਰ ਅਤੇ ਪਹਾੜੀਆਂ ਤੇ ਰਹਿੰਦਾ ਸੀ। ਅਤੇ ਚੀਕਦਾ ਰਹਿੰਦਾ ਅਤੇ ਆਪਣੇ-ਆਪ ਨੂੰ ਪੱਥਰਾਂ ਨਾਲ ਜ਼ਖਮੀ ਕਰਦਾ ਰਹਿੰਦਾ ਸੀ।
6. ਜਦੋਂ ਯਿਸੂ ਅਜੇ ਦੂਰ ਹੀ ਸੀ ਤਾਂ ਇਸ ਆਦਮੀ ਨੇ ਉਸ ਨੂੰ ਵੇਖ ਲਿਆ ਅਤੇ ਉਹ ਉਸ ਵੱਲ ਨਸਿਆ। ਅਤੇ ਉਸ ਅੱਗੇ ਜਾਕੇ ਝੁਕ ਗਿਆ।
7. ਤੇ ਉਹ ਚੀਕਿਆ, “ਯਿਸੂ, ਤੂੰ ਮੇਰੇ ਨਾਲ ਕੀ ਕਰਨਾ ਚਾਹੁੰਦਾ? ਤੂੰ ਅੱਤ-ਮਹਾਨ ਪਰਮੇਸ਼ੁਰ ਦਾ ਪੁੱਤਰ ਹੈ! ਮੈਂ ਤੈਨੂੰ ਪਰਮੇਸ਼ੁਰ ਦੀ ਸੌਂਹ ਦਿੰਦਾ ਹਾਂ ਕਿ ਤੂੰ ਮੈਨੂੰ ਕਸ਼ਟ ਨਹੀਂ ਦੇਵੇਂਗਾ।”
8. ਉਸ ਨੇ ਅਜਿਹਾ ਇਸ ਲਈ ਆਖਿਆ ਕਿਉਂਕਿ ਯਿਸੂ ਨੇ ਉਸ ਆਦਮੀ ਨੂੰ ਆਖਿਆ ਸੀ, “ਤੂੰ ਭਰਿਸ਼ਟ ਆਤਮਾ, ਇਸ ਮਨੁੱਖ ਵਿੱਚੋਂ ਬਾਹਰ ਆ ਜਾ।”
9. ਫ਼ਿਰ ਯਿਸੂ ਨੇ ਉਸ ਮਨੁੱਖ ਨੂੰ ਪੁੱਛਿਆ, “ਤੇਰਾ ਕੀ ਨਾਂ ਹੈ?” ਉਸ ਮਨੁੱਖ ਨੇ ਜਵਾਬ ਦਿੱਤਾ, “ਮੇਰਾ ਨਾਉਂ ਲਸ਼ਕਰ ਹੈ, ਕਿਉਂਕਿ ਬਹੁਤ ਸਾਰੇ ਭਰਿਸ਼ਟ ਆਤਮੇ ਮੇਰੇ ਅੰਦਰ ਹਨ।”
10. ਫ਼ਿਰ ਉਸ ਆਦਮੀ ਨੇ ਯਿਸੂ ਅੱਗੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਉਸ ਥਾਂ ਤੋਂ ਬਾਹਰ ਨਾ ਕੱਢੇ।
11. ਉੱਥੇ ਪਹਾੜ ਦੇ ਨੇੜੇ ਸੂਰਾਂ ਦਾ ਇੱਕ ਵੱਡਾ ਇੱਜੜ ਚਰ ਰਿਹਾ ਸੀ।
12. ਉਨ੍ਹਾਂ ਭਰਿਸ਼ਟ ਆਤਮਿਆਂ ਨੇ ਉਸ ਅੱਗੇ ਅਰਜੋਈ ਕੀਤੀ ਕਿ “ਸਾਨੂੰ ਸੂਰਾਂ ਵਿੱਚ ਭੇਜ ਦੇ ਤਾਂ ਜੋ ਅਸੀਂ ਉਨ੍ਹਾਂ ਵਿੱਚ ਜਾ ਵੜੀਏ।”
13. ਤਾਂ ਯਿਸੂ ਨੇ ਉਨ੍ਹਾਂ ਨੂੰ ਜਾਣ ਦਿੱਤਾ। ਤਾਂ ਉਹ ਭਰਿਸ਼ਟ ਆਤਮੇ ਉਸ ਮਨੁੱਖ ਵਿੱਚੋਂ ਨਿਕਲਕੇ ਸੂਰਾਂ ਵਿੱਚ ਜਾ ਵੜੇ। ਅਤੇ ਇੱਜੜ ਪਹਾੜੀ ਦੀ ਸਿਧੀ ਢਲਾਣ ਤੇ ਭੱਜਦਾ ਹੋਇਆ ਝੀਲ ਵਿੱਚ ਡਿੱਗ ਪਿਆ। ਉਸ ਇੱਜੜ ਵਿੱਚ ਦੋ-ਹਜ਼ਾਰ ਦੇ ਕਰੀਬ ਸੂਰ ਸਨ ਅਤੇ ਉਹ ਸਾਰੇ ਦੇ ਸਾਰੇ ਝੀਲ ਵਿੱਚ ਡੁੱਬ ਗਏ।
14. ਜਿਹੜੇ ਆਦਮੀ ਉੱਥੇ ਸੂਰਾਂ ਨੂੰ ਚਰਵਾ ਅਤੇ ਉਨ੍ਹਾਂ ਰੱਖਵਾਲੀ ਕਰ ਰਹੇ ਸਨ ਨੱਸ ਗਏ ਅਤੇ ਨੱਸਦੇ ਹੋਏ ਸ਼ਹਿਰਾਂ ਅਤੇ ਖੇਤਾਂ ਵਿੱਚ ਜਾਕੇ ਉਨ੍ਹਾਂ ਨੇ ਲੋਕਾਂ ਨੂੰ ਇਹ ਸਾਰਾ ਹਾਲ ਜਾ ਸੁਣਾਇਆ। ਲੋਕ ਵੇਖਣ ਲਈ ਆਏ ਕਿ ਕੀ ਵਾਪਰਿਆ ਸੀ।
15. ਜਦੋਂ ਉਹ ਯਿਸੂ ਕੋਲ ਆਏ, ਉਨ੍ਹਾਂ ਨੇ ਉਸ ਆਦਮੀ ਨੂੰ ਵੇਖਿਆ ਜੋ ਭਰਿਸ਼ਟ ਆਤਮਿਆ ਦੇ ਕਬਜ਼ੇ ਵਿੱਚ ਸੀ। ਉਹ ਆਦਮੀ ਉੱਥੇ ਕੱਪੜੇ ਪਾਈ ਬੈਠਾ ਸੀ ਅਤੇ ਉਸਦੀ ਸੁਰਤ ਵੀ ਹੁਣ ਟਿਕਾਣੇ ਸੀ। ਇਹ ਵੇਖ ਲੋਕੀ ਡਰ ਗਏ।
16. ਕੁਝ ਲੋਕ ਉੱਥੇ ਸਨ, ਅਤੇ ਉਨ੍ਹਾਂ ਇਹ ਸਭ ਜੋ ਯਿਸੂ ਨੇ ਕੀਤਾ ਸੀ ਵੇਖਿਆ। ਉਨ੍ਹਾਂ ਨੇ, ਜੋ ਕੁਝ ਵੀ ਉਸ ਭੂਤਾਂ ਦੇ ਕਬਜ਼ੇ ਹੇਠ ਆਦਮੀ ਨਾਲ ਵਾਪਰਿਆ, ਆਣ ਸੁਣਾਇਆ, ਅਤੇ ਉਨ੍ਹਾਂ ਨੇ ਲੋਕਾਂ ਨੂੰ ਸੂਰਾਂ ਬਾਰੇ ਵੀ ਦਸਿਆ।
17. ਤਦ ਉਨ੍ਹਾਂ ਨੇ ਯਿਸੂ ਨੂੰ ਉਨ੍ਹਾਂ ਦਾ ਇਲਾਕਾ ਛੱਡ ਕੇ ਚੱਲੇ ਜਾਣ ਲਈ ਮਿੰਨਤ ਕੀਤੀ।
18. ਜਿਉਂ ਹੀ ਯਿਸੂ ਬੇੜੀ ਵਿੱਚ ਚੜ੍ਹ੍ਹਨ ਵਾਲਾ ਸੀ, ਜੋ ਵਿਅਕਤੀ ਭੂਤਾਂ ਤੋਂ ਮੁਕਤ ਹੋਇਆ ਸੀ ਉਸ ਨੇ ਉਸਦਾ ਅਨੁਸਰਣ ਕਰਨ ਦੀ ਆਗਿਆ ਮੰਗੀ।
19. ਪਰ ਯਿਸੂ ਨੇ ਉਸ ਨੂੰ ਆਪਣੇ ਨਾਲ ਆਉਣ ਦੀ ਇਜਾਜ਼ਤ ਨਾ ਦਿੱਤੀ ਅਤੇ ਕਿਹਾ, “ਤੂੰ ਆਪਣੇ ਪਰਿਵਾਰ ਅਤੇ ਸੰਗੀ-ਸਾਥੀਆਂ ਵਿੱਚ ਜਾ। ਤੂੰ ਉਨ੍ਹਾਂ ਨੂੰ ਦੱਸ ਜੋ ਪ੍ਰਭੂ ਨੇ ਤੇਰੇ ਲਈ ਕੀਤਾ ਹੈ। ਉਨ੍ਹਾਂ ਨੂੰ ਦੱਸ ਕਿ ਉਹ ਤੇਰੇ ਤੇ ਮਿਹਰਬਾਨ ਹੋਇਆ ਹੈ।”
20. ਉਹ ਆਦਮੀ ਚੱਲਿਆ ਗਿਆ। ਉਸ ਨੇ ਦਿਕਾਪੁਲਿਸ ਦੇ ਲੋਕਾਂ ਨੂੰ ਦੱਸਿਆ ਕਿ ਯਿਸੂ ਨੇ ਉਸ ਵਾਸਤੇ ਕੀ ਕੀਤਾ ਸੀ। ਸਾਰੇ ਲੋਕ ਉਸਦੀਆਂ ਗੱਲਾਂ ਸੁਣਕੇ ਹੈਰਾਨ ਸਨ।
ਇੱਕ ਕੁੜੀ ਜੀਵਨ ਵਿੱਚ ਬਹਾਲ ਹੋਈ ਅਤੇ ਇੱਕ ਔਰਤ ਠੀਕ ਹੋ ਗਈ
21. ਯਿਸੂ ਦਾ ਮੋਈ ਕੁੜੀ ਨੂੰ ਪ੍ਰਾਣ ਦੇਣੇ ਅਤੇ ਬਿਮਾਰ ਔਰਤ ਨੂੰ ਰਾਜ਼ੀ ਕਰਨਾ ਜਿਵੇਂ ਹੀ ਯਿਸੂ ਫ਼ੇਰ ਤੋਂ ਬੇੜੀ ਦੁਆਰਾ ਝੀਲ ਦੇ ਦੂਜੇ ਪਾਸੇ ਗਿਆ, ਝੀਲ ਦੇ ਨੇੜੇ ਉਸ ਕੋਲ ਇੱਕ ਵੱਡੀ ਭੀੜ ਇਕੱਠੀ ਹੋ ਗਈ।
22. ਉੱਥੇ ਪ੍ਰਾਰਥਨਾ ਸਥਾਨ ਦਾ ਇੱਕ ਆਗੂ ਉਸ ਕੋਲ ਆਇਆ ਜਿਸਦਾ ਨਾਉਂ ਜੈਰੁਸ ਸੀ। ਜਦੋਂ ਉਸ ਨੇ ਯਿਸੂ ਨੂੰ ਲੱਭ ਲਿਆ, ਤਾਂ ਉਹ ਉਸ ਦੇ ਪੈਰੀਂ ਪੈ ਗਿਆ।
23. ਅਤੇ ਉਹ ਉਸ ਦੇ ਪੈਰੀਂ ਪੈਕੇ ਬਾਰ-ਬਾਰ ਮਿੰਨਤ ਕਰਨ ਲੱਗਾ, “ਮੇਰੀ ਛੋਟੀ ਜਿਹੀ ਧੀ ਮਰਨ ਕਿਨਾਰੇ ਹੈ। ਕਿਰਪਾ ਕਰਕੇ ਆਪਣੇ ਹੱਥ ਉਸ ਉੱਪਰ ਰੱਖ ਦਿਉ। ਉਹ ਚੰਗੀ ਹੋ ਜਾਵੇਗੀ ਤੇ ਜਿਉਂ ਪਵੇਗੀ।”
24. ਤਾਂ ਉਹ ਜੈਰੁਸ ਦੇ ਨਾਲ ਗਿਆ। ਬਹੁਤ ਸਾਰੇ ਲੋਕ ਉਸਦਾ ਪਿੱਛਾ ਕਰ ਰਹੇ ਸਨ ਅਤੇ ਉਹ ਉਸ ਨੂੰ ਦਬਾਈ ਜਾ ਰਹੇ ਸਨ।
25. ਉੱਥੇ ਇੱਕ ਔਰਤ ਸੀ, ਜਿਸ ਨੂੰ ਪਿੱਛਲੇ ਬਾਰ੍ਹਾਂ ਵਰ੍ਹਿਆਂ ਤੋਂ ਖੂਨ ਆ ਰਿਹਾ ਸੀ।
26. ਉਹ ਔਰਤ ਬੜੀ ਤਕਲੀਫ਼ ਵਿੱਚ ਸੀ ਅਤੇ ਬਹੁਤ ਸਾਰੇ ਵੈਦਾਂ ਨੇ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਉਸ ਕੋਲ ਜਿੰਨੀ ਵੀ ਦੌਲਤ ਸੀ ਉਸ ਨੇ ਆਪਣੇ ਇਲਾਜ ਤੇ ਖਰਚ ਦਿੱਤੀ ਸੀ, ਪਰ ਉਹ ਚੰਗੀ ਨਾ ਹੋਈ। ਅਤੇ ਉਸਦੀ ਹਾਲਤ ਹੋਰ ਵੀ ਖਰਾਬ ਹੋ ਗਈ।
27. ਜਦੋਂ ਉਸ ਔਰਤ ਨੇ ਯਿਸੂ ਬਾਰੇ ਸੁਣਿਆ ਅਤੇ ਉਹ ਭੀੜ ਵਿੱਚਕਾਰ ਉਸ ਦੇ ਪਿੱਛੇ ਆ ਗਈ ਅਤੇ ਉਸ ਦੇ ਕੱਪੜੇ ਨੂੰ ਛੂਹਿਆ।
28. ਉਸ ਔਰਤ ਨੇ ਸੋਚਿਆ, “ਜੇਕਰ ਮੈਂ ਸਿਰਫ਼ ਯਿਸੂ ਦੇ ਕੱਪੜੇ ਨੂੰ ਵੀ ਛੂਹ ਲਵਾਂ, ਮੈਂ ਚੰਗੀ ਹੋ ਜਾਵਾਂਗੀ।”
29. ਜਦੋਂ ਉਸ ਔਰਤ ਨੇ ਯਿਸੂ ਦਾ ਕੱਪੜਾ ਛੂਹਿਆ, ਉਸਦਾ ਲਹੂ ਵਗਣਾ ਰੁਕ ਗਿਆ ਅਤੇ ਉਸ ਨੇ ਆਪਣੇ ਸਰੀਰ ਵਿੱਚ ਇਹ ਮਹਿਸੂਸ ਕੀਤਾ ਕਿ ਉਹ ਆਪਣੀਆਂ ਤਕਲੀਫ਼ਾਂ ਤੋਂ ਚੰਗੀ ਹੋ ਗਈ ਸੀ।
30. ਜਦੋਂ ਯਿਸੂ ਨੇ ਮਹਿਸੂਸ ਕੀਤਾ ਕਿ ਕੋਈ ਸ਼ਕਤੀ ਉਸ ਵਿੱਚੋਂ ਬਾਹਰ ਆਈ ਹੈ, ਉਸ ਨੇ ਆਸੇ-ਪਾਸੇ ਵੇਖਿਆ ਅਤੇ ਪੁੱਛਿਆ, “ਕਿਸਨੇ ਮੇਰਾ ਕੱਪੜਾ ਛੋਹਿਆ ਹੈ?”
31. ਉਸ ਦੇ ਚੇਲਿਆਂ ਨੇ ਉਸ ਨੂੰ ਆਖਿਆ, “ਤੂੰ ਜਾਣਦਾ ਹੈਂ ਕਿ ਲੋਕ ਤੈਨੂੰ ਦਬਾਈ ਜਾ ਰਹੇ ਹਨ। ਅਤੇ ਹਾਲੇ ਵੀ ਤੂੰ ਪੁੱਛ ਰਿਹਾ ਹੈ, ਕਿਸਨੇ ਮੈਨੂੰ ਛੁਹਿਆ ਹੈ?”
32. ਪਰ ਯਿਸੂ ਉਸ ਵਿਅਕਤੀ ਨੂੰ ਲੱਭਣ ਲਈ ਆਸੇ-ਪਾਸੇ ਵੇਖ ਰਿਹਾ ਸੀ ਕਿ ਉਹ ਕੌਣ ਹੈ।
33. ਉਹ ਔਰਤ ਜਾਣ ਗਈ ਸੀ ਕਿ ਉਹ ਹੁਣ ਠੀਕ ਹੋ ਗਈ ਹੈ ਉਹ ਯਿਸੂ ਕੋਲ ਆਈ ਅਤੇ ਡਰ ਨਾਲ ਕੰਬਦੀ ਹੋਈ ਯਿਸੂ ਦੇ ਚਰਨਾਂ ਤੇ ਡਿੱਗ ਪਈ। ਉਸ ਨੇ ਯਿਸੂ ਨੂੰ ਸਾਰੀ ਵਾਰਤਾ ਸੁਣਾਈ।
34. ਤਾਂ ਉਸ ਨੇ ਉਸ ਔਰਤ ਨੂੰ ਆਖਿਆ, “ਹੇ ਪਿਆਰੀ ਇਸਤਰੀ! ਤੂੰ ਆਪਣੇ ਵਿਸ਼ਵਾਸ ਕਾਰਣ ਚੰਗੀ ਹੋਈ ਹੈਂ। ਖੁਸ਼ ਰਹਿ! ਹੁਣ ਤੂੰ ਕੋਈ ਹੋਰ ਤਕਲੀਫ਼ ਨਹੀਂ ਝੱਲੇਂਗੀ।”
35. ਜਦੋਂ ਯਿਸੂ ਅਜੇ ਬੋਲ ਰਿਹਾ ਸੀ, ਕੁਝ ਲੋਕ ਪ੍ਰਾਰਥਨਾ-ਸਥਾਨ ਦੇ ਆਗੂ ਜੈਰੁਸ ਦੇ ਘਰੋਂ ਆਏ ਅਤੇ ਉਸ ਨੂੰ ਆਖਿਆ, “ਤੇਰੀ ਧੀ ਮਰ ਗਈ ਹੈ। ਤੂੰ ਗੁਰੂ ਨੂੰ ਹੋਰ ਖੇਚਲ ਕਿਉਂ ਦੇ ਰਿਹਾ ਹੈਂ?”
36. ਪਰ ਯਿਸੂ ਨੇ ਉਸ ਗੱਲ ਦੀ ਬਿਲਕੁਲ ਕੋਈ ਪਰਵਾਹ ਨਾ ਕੀਤੀ ਕਿ ਉਹ ਕੀ ਆਖ ਰਹੇ ਸਨ ਅਤੇ ਪ੍ਰਾਰਥਨਾ ਸਥਾਨ ਦੇ ਆਗੂ ਨੂੰ ਆਖਿਆ, “ਡਰ ਨਹੀਂ! ਸਿਰਫ਼ ਭਰੋਸਾ ਰੱਖ।”
37. ਯਿਸੂ ਨੇ ਆਪਣੇ ਨਾਲ ਪਤਰਸ, ਯਾਕੂਬ ਅਤੇ ਉਸ ਦੇ ਭਰਾ ਯੂਹੰਨਾ ਨੂੰ ਲਿਆ ਅਤੇ ਪ੍ਰਾਰਥਨਾ ਸਥਾਨ ਦੇ ਆਗੂ ਜੈਰੁਸ ਦੇ ਘਰ ਚੱਲਾ ਗਿਆ।
38. ਜਦੋਂ ਉਹ ਉੱਥੇ ਪਹੁੰਚੇ, ਯਿਸੂ ਨੇ ਉੱਥੇ ਬਹੁਤ ਸਾਰੇ ਲੋਕਾਂ ਨੂੰ ਰੋਂਦਿਆਂ ਅਤੇ ਪਿਟਦਿਆਂ ਵੇਖਿਆ। ਉੱਥੇ ਬੜੀ ਭਾਜੜ ਪਈ ਹੋਈ ਸੀ।
39. ਯਿਸੂ ਉਸ ਘਰ ਦੇ ਅੰਦਰ ਵੜਿਆ ਅਤੇ ਲੋਕਾਂ ਨੂੰ ਕਿਹਾ, “ਤੁਸੀਂ ਲੋਕ ਕਿਉਂ ਰੋ ਰਹੇ ਹੋ ਅਤੇ ਅਸ਼ਾਂਤੀ ਕਿਉਂ ਫ਼ੈਲਾ ਰਹੇ ਹੋ? ਬੱਚੀ ਮਰੀ ਨਹੀਂ ਉਹ ਸਿਰਫ਼ ਸੌਂ ਰਹੀ ਹੈ।”
40. ਪਰ ਲੋਕਾਂ ਨੇ ਯਿਸੂ ਦਾ ਮਜਾਕ ਉਡਾਇਆ। ਉਸ ਨੇ ਸਭ ਨੂੰ ਘਰੋਂ ਚੱਲੇ ਜਾਣ ਵਾਸਤੇ ਕਿਹਾ। ਉਹ ਉਸ ਕਮਰੇ ਵਿੱਚ ਗਿਆ ਜਿੱਥੇ ਬੱਚੀ ਸੀ। ਉਸ ਨੇ ਆਪਣੇ ਨਾਲ ਉਸ ਕਮਰੇ ਵਿੱਚ ਬੱਚੀ ਦੇ ਪਿਤਾ-ਮਾਤਾ ਅਤੇ ਆਪਣੇ ਤਿੰਨ ਚੇਲਿਆਂ ਨੂੰ ਲਿਆ।
41. ਤਦ ਯਿਸੂ ਨੇ ਉਸ ਕੁੜੀ ਦਾ ਹੱਥ ਫ਼ੜਿਆ ਅਤੇ ਉਸ ਨੂੰ ਕਿਹਾ, “ਤਲੀਥਾ ਕੂਮੀ!” (ਜਿਸਦਾ ਅਰਥ ਹੈ “ਹੇ ਕੰਨਿਆ, ਮੈਂ ਤੈਨੂੰ ਆਖਦਾ ਹਾਂ, ਉੱਠ!”)
42. ਕੁੜੀ ਝੱਟ ਉੱਠ ਖੜ੍ਹੀ ਹੋਈ ਅਤੇ ਤੁਰਨ-ਫ਼ਿਰਨ ਲੱਗੀ। ਉਹ ਕੁੜੀ ਬਾਰ੍ਹਾਂ ਵਰ੍ਹਿਆਂ ਦੀ ਸੀ। ਉਸ ਦੇ ਮਾਂ-ਪਿਉ ਅਤੇ ਚੇਲੇ ਬੜੇ ਹੈਰਾਨ ਹੋ ਗਏ।
43. ਅਤੇ ਯਿਸੂ ਨੇ ਉਨ੍ਹਾਂ ਨੂੰ ਸਖਤ ਚਿਤਾਵਨੀ ਦਿੱਤੀ ਕਿ ਉਹ ਲੋਕਾਂ ਨੂੰ ਇਸ ਬਾਰੇ ਨਾ ਦੱਸਣ। ਉਸ ਨੇ ਉਨ੍ਹਾਂ ਨੂੰ ਉਸ ਕੁੜੀ ਨੂੰ ਕੁਝ ਖਾਣ ਨੂੰ ਦੇਣ ਲਈ ਕਿਹਾ।