ਸੀਯੋਨ ਵਿੱਚ ਪ੍ਰਭੂ ਦਾ ਰਾਜ

1. ਯਰੂਸ਼ਲਮ ਤੋਂ ਬਿਵਸਬਾ ਆਵੇਗੀ ਅਖੀਰੀ ਦਿਨਾਂ ਵਿੱਚ, ਯਹੋਵਾਹ ਦੇ ਮੰਦਰ ਦਾ ਪਹਾੜ ਪਰਬਤ ਸਭ ਤੋਂ ਉੱਚੇ ਪਰਬਤ ਤੇ ਹੋਵੇਗਾ। ਇਸ ਨੂੰ ਸਾਰੇ ਪਰਬਤਾਂ ਤੋਂ ਉੱਚਾ ਕੀਤਾ ਜਾਵੇਗਾ ਤੇ ਲੋਕ ਇੱਕ ਅਟਲ ਨਦੀ ਵਾਂਗ ਉਸ ਵੱਲ ਨੂੰ ਜਾਣਗੇ।

2. ਬਹੁਤ ਸਾਰੀਆਂ ਕੌਮਾਂ ਤੋਂ ਲੋਕ ਉਸ ਵੱਲ ਜਾਣਗੇ ਅਤੇ ਆਖਣਗੇ, “ਚਲੋ, ਆਪਾਂ ਯਹੋਵਾਹ ਦੇ ਪਰਬਤ ਨੂੰ ਚੱਲੀਏ। ਚਲੋ ਯਾਕੂਬ ਦੇ ਪਰਮੇਸ਼ੁਰ ਦੇ ਮੰਦਰ ਨੂੰ ਚੱਲੀਏ। ਤਦ ਪਰਮੇਸ਼ੁਰ ਸਾਨੂੰ ਆਪਣੀ ਜੀਵਨ ਜਾਂਚ ਸਿੱਖਾਵੇਗਾ ਅਤੇ ਅਸੀਂ ਉਸ ਦੇ ਦਰਮਾਏ ਮਾਰਗ ਤੇ ਚੱਲਾਂਗੇ।” ਪਰਮੇਸ਼ੁਰ ਦੀ ਸਿੱਖਿਆ ਯਹੋਵਾਹ ਦੀਆਂ ਹਿਦਾਇਤਾਂ ਸੀਯੋਨ ਤੋਂ ਆਉਣਗੀਆਂ। ਯਹੋਵਾਹ ਦਾ ਸੰਦੇਸ਼ ਯਰੂਸ਼ਲਮ ਤੋਂ ਆਵੇਗਾ।

3. ਪਰਮੇਸ਼ੁਰ ਬਹੁਤ ਸਾਰੀਆਂ ਕੌਮਾਂ ਦੇ ਲੋਕਾਂ ਉੱਪਰ ਨਿਆਂਕਾਰ ਹੋਵੇਗਾ। ਉਹ ਦੂਰ-ਦੁਰਾਡੇ ਦੇਸਾਂ ਦੇ ਲੋਕਾਂ ਦੀਆਂ ਬਹਿਸਾਂ ਨੂੰ ਖਤਮ ਕਰੇਗਾ। ਉਹ ਆਪਣੀਆਂ ਤਲਵਾਰਾਂ ਨੂੰ ਹਲਾਂ ਵਿੱਚ ਢਾਲਣਗੇ ਅਤੇ ਆਪਣੀਆਂ ਨੇਜਿਆਂ ਨੂੰ ਫ਼ਸਲ ਕੱਟਣ ਵਾਲੇ ਔਜਾਰਾਂ ਵਿੱਚ। ਲੋਕ ਦੂਜਿਆਂ ਨਾਲ ਲੜਨਾ ਬੰਦ ਕਰ ਦੇਣਗੇ ਅਤੇ ਲੜਾਈ ਲਈ ਸਿਖਲਾਈ ਲੈਣੀ ਬੰਦ ਕਰ ਦੇਣਗੇ।

4. ਹਰ ਮਨੁੱਖ ਆਪਣੀ ਅੰਗੂਰੀ ਵੇਲ ਅਤੇ ਅੰਜੀਰ ਦੇ ਰੁੱਖ ਹੇਠਾਂ ਬੈਠੇਗਾ। ਕੋਈ ਵੀ ਉਨ੍ਹਾਂ ਨੂੰ ਡਰਾਏਗਾ ਨਹੀਂ। ਕਿਉਂਕਿ ਯਹੋਵਾਹ ਸਰਬ-ਸ਼ਕਤੀਮਾਨ ਨੇ ਫ਼ੁਰਮਾਇਆ ਹੈ ਕਿ ਇਵੇਂ ਵਾਪਰੇਗਾ।

5. ਦੂਜੇ ਕੌਮਾਂ ਦੇ ਲੋਕ ਆਪੋ-ਆਪਣੇ ਦੇਵਤਿਆਂ ਨੂੰ ਮੰਨਦੇ ਹਨ। ਪਰ ਅਸੀਂ ਹਮੇਸ਼ਾ-ਹਮੇਸ਼ਾ ਲਈ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਹੀ ਮੰਨਾਂਗੇ।

ਸੀਯੋਨ ਦੀ ਭਵਿੱਖ ਦੀ ਜਿੱਤ

6. ਰਾਜ ਦੀ ਵਾਪਸੀ ਯਹੋਵਾਹ ਫ਼ੁਰਮਾਉਂਦਾ, “ਯਰੂਸ਼ਲਮ ਅਪਾਹਿਜ ਸੀ ਅਤੇ ਜਲਾਵਤਨੀ ਕਰ ਦਿੱਤਾ ਗਿਆ ਸੀ। ਯਰੂਸ਼ਲਮ ਨੂੰ ਸੱਟ ਲਗੀ ਅਤੇ ਸਜ਼ਾ ਮਿਲੀ, ਪਰ ਉਸ ਦਿਨ ਮੈਂ ਯਰੂਸ਼ਲਮ ਦੇ ਲੋਕਾਂ ਨੂੰ ਇਕੱਠਿਆਂ ਕਰਾਂਗਾ।”

7. “ਜਿਹੜੇ ਲੋਕ ਅਪਾਹਿਜ ਸਨ, ਬਚੇ ਹੋਏ ਬਣ ਜਾਣਗੇ। ਜਿਹੜੇ ਇੱਥੋਂ ਸੁੱਟ ਦਿੱਤੇ ਗਏ ਸਨ ਇੱਕ ਮਜ਼ਬੂਤ ਕੌਮ ਬਣ ਜਾਣਗੇ।” ਯਹੋਵਾਹ ਉਨ੍ਹਾਂ ਦਾ ਪਾਤਸ਼ਾਹ ਹੋਵੇਗਾ ਅਤੇ ਉਹ ਸੀਯੋਨ ਪਰਬਤ ਤੋਂ ਉਨ੍ਹਾਂ ਤੇ ਹਮੇਸ਼ਾ ਲਈ ਰਾਜ ਕਰੇਗਾ।

8. ਤੂੰ, ਏਦਰ ਦੇ ਬੁਰਜ, ਤੇਰਾ ਵੀ ਸਮਾਂ ਆਵੇਗਾ। ਓਫ਼ਲ, ਸੀਯੋਨ ਦੀਏ ਪਹਾੜੀਏ, ਤੂੰ ਫਿਰ ਤੋਂ ਸਰਕਾਰ ਦੀ ਗੱਦੀ ਬਣ ਜਾਵੇਂਗੀ। ਹਾਂ, ਰਾਜ ਯਰੂਸ਼ਲਮ ਵਿੱਚ ਪਹਿਲਾਂ ਵਾਂਗ ਹੋਵੇਗਾ।

9. ਇਸਰਾਏਲੀ ਬਾਬਲ ਨੂੰ ਵਾਪਸ ਕਿਉਂ ਜਾਣ? ਹੁਣ ਤੂੰ ਉੱਚੀ-ਉੱਚੀ ਕਿਉਂ ਚਿਲਾਉਂਦੀ ਹੈ? ਕੀ ਤੇਰਾ ਪਾਤਸ਼ਾਹ ਚੱਲਾ ਗਿਆ ਹੈ? ਕੀ ਤੂੰ ਆਪਣਾ ਆਗੂ ਗੁਆ ਲਿਆ ਹੈ? ਤੂੰ ਜਣਨ ਪੀੜ ਸਹਿਂਦੀ ਔਰਤ ਵਾਂਗ ਕਿਉਂ ਦੁੱਖੀ ਹੈਂ?

10. ਹੇ ਸੀਯੋਨ ਦੀ ਧੀਏ! ਪੀੜਾਂ ਨਾਲ ਜਣਨ ਵਾਲੀ ਔਰਤ ਵਾਂਗ ਆਪਣੇ ‘ਬੱਚੇ’ ਨੂੰ ਜਨਮ ਦੇ। ਤੂੰ ਇਸ ਸ਼ਹਿਰ ਵਿੱਚੋਂ ਬਾਹਰ ਚਲੀ ਜਾ (ਯਰੂਸ਼ਲਮ ਚੋਂ) ਤੂੰ ਖੇਤਾਂ ਵਿੱਚ ਰਹੇਂਗੀ। ਮੇਰਾ ਮਤਲਬ, ਤੂੰ ਬਾਬਲ ਵੱਲ ਨੂੰ ਜਾਵੇਂਗੀ ਪਰ ਤੂੰ ਉਸ ਥਾਵੋਂ ਬਚਾਈ ਜਾਵੇਂਗੀ। ਯਹੋਵਾਹ ਉੱਥੇ ਜਾਕੇ ਤੇਰੀ ਰੱਖਿਆ ਕਰੇਗਾ ਅਤੇ ਤੈਨੂੰ ਤੇਰੇ ਵੈਰੀਆਂ ਤੋਂ ਬਚਾਵੇਗਾ।

11. ਯਹੋਵਾਹ ਦੂਜੇ ਰਾਜਾਂ ਨੂੰ ਤਬਾਹ ਕਰੇਗਾ ਬਹੁਤ ਸਾਰੀਆਂ ਕੌਮਾਂ ਤੇਰੇ ਵਿਰੁੱਧ ਲੜਨ ਆਈਆਂ! ਉਹ ਆਖਦੀਆਂ ਹਨ “ਵੇਖੋ! ਉਹ ਹੈ ਸੀਯੋਨ! ਚਲੋ, ਉਸਤੇ ਧਾਵਾ ਬੋਲੀਏ!”

12. ਇਨ੍ਹਾਂ ਲੋਕਾਂ ਨੇ ਮਤੇ ਪਕਾਏ ਹੋਏ ਹਨ, ਪਰ ਉਨ੍ਹਾਂ ਨੂੰ ਯਹੋਵਾਹ ਦੀ ਵਿਉਂਤ ਬਾਰੇ ਨਹੀਂ ਪਤਾ। ਯਹੋਵਾਹ ਨੇ ਉਨ੍ਹਾਂ ਨੂੰ ਖਾਸ ਮਕਸਦ ਲਈ ਇੱਥੇ ਬੁਲਾਇਆ ਹੈ। ਉਹ ਪਿੜ ਵਿੱਚਲੇ ਅਨਾਜ ਵਾਂਗ ਪੀਸੇ ਜਾਣਗੇ।

13. ਇਸਰਾਏਲ ਆਪਣੇ ਵੈਰੀਆਂ ਨੂੰ ਹਰਾਵੇਗੀ “ਹੇ ਸੀਯੋਨ ਦੀਏ ਧੀਏ, ਉੱਠ, ਜਾਕੇ ਉਨ੍ਹਾਂ ਲੋਕਾਂ ਨੂੰ ਪੀਹ ਦੇ। ਮੈਂ ਤੈਨੂੰ ਤਾਕਤਵਰ ਬਣਾਵਾਂਗਾ। ਤੂੰ ਇੰਨੀ ਸ਼ਕਤੀਸ਼ਾਲੀ ਹੋਵੇਂਗੀ ਜਿਵੇਂ ਤੇਰੇ ਸਿੰਗ ਲੋਹੇ ਦੇ ਅਤੇ ਪੈਰ ਪਿੱਤਲ ਦੇ ਹੋਣ ਤੂੰ ਬਹੁਤ ਸਾਰੇ ਲੋਕਾਂ ਨੂੰ ਕੁਚਲ ਦੇਵੇਂਗੀ ਅਤੇ ਉਨ੍ਹਾਂ ਦੀ ਦੌਲਤ ਯੋਹਵਾਹ ਨੂੰ ਸੌਂਪ ਦੇਵੇਂਗੀ। ਤੂੰ ਉਨ੍ਹਾਂ ਦਾ ਖਜ਼ਾਨਾ ਸਾਰੀ ਧਰਤੀ ਦੇ ਯਹੋਵਾਹ ਨੂੰ ਦੇ ਦੇਵੇਂਗੀ।”

Bibles

Books

Chapters