ਦੁਸ਼ਟ ਸ਼ਾਸਕ ਅਤੇ ਨਬੀ

1. ਇਸਰਾਏਲ ਦੇ ਆਗੂ ਬਦੀ ਦੇ ਦੋਸ਼ੀ ਫ਼ਿਰ ਮੈਂ ਆਖਿਆ, “ਯਾਕੂਬ ਦੇ ਆਗੂਓ, ਹੁਣ ਸੁਣੋ! ਇਸਰਾਏਲ ਦੇ ਰਾਜ ਦੇ ਸਰਦਾਰੋ, ਤੁਹਾਨੂੰ ਇਨਸਾਫ਼ ਕੀ ਹੁੰਦਾ ਹੈ, ਇਸ ਬਾਰੇ ਪਤਾ ਹੋਣਾ ਚਾਹੀਦਾ ਹੈ!

2. ਪਰ ਤੁਹਾਨੂੰ ਚੰਗਾਈ ਨਾਲੋਂ ਬੁਰਾਈ ਚੰਗੀ ਲੱਗਦੀ ਹੈ ਤੁਸੀਂ ਉਨ੍ਹਾਂ ਲੋਕਾਂ ਦੀ ਚਮੜੀ ਉਧੇੜ ਕੇ, ਉਨ੍ਹਾਂ ਦੀਆਂ ਹੱਡੀਆਂ ਤੋਂ ਉਨ੍ਹਾਂ ਦਾ ਮਾਸ ਨੋਚਦੇ ਹੋ।

3. ਤੁਸੀਂ ਮੇਰੇ ਲੋਕਾਂ ਨੂੰ ਬਰਬਾਦ ਕਰ ਰਹੇ ਹੋ। ਤੁਸੀਂ ਉਨ੍ਹਾਂ ਦੀ ਚਮੜੀ ਉਧੇੜ ਕੇ ਉਨ੍ਹਾਂ ਦੇ ਹੱਡ ਤੋੜ ਰਹੇ ਹੋ ਅਤੇ ਉਨ੍ਹਾਂ ਦੇ ਹੱਡਾਂ ਦਾ ਕੀਮਾ ਕਰਕੇ ਹਾਂਡੀ ’ਚ ਮਾਸ ਵਾਂਗ ਰਿੰਨ੍ਹਦੇ ਹੋ।

4. ਤਦ ਉਹ ਯਹੋਵਾਹ ਅੱਗੇ ਦੁਹਾਈ ਦੇਣਗੇ ਪਰ ਉਹ ਉਨ੍ਹਾਂ ਨੂੰ ਜਵਾਬ ਨਾ ਦੇਵੇਗਾ ਅਤੇ ਉਸ ਵੇਲੇ ਉਹ ਆਪਣਾ ਮੂੰਹ ਉਨ੍ਹਾਂ ਤੋਂ ਲੁਕਾ ਲਵੇਗਾ। ਕਿਉਂ ਕਿ ਉਨ੍ਹਾਂ ਨੇ ਭੈੜੇ ਕੰਮ ਕੀਤੇ ਹਨ।”

5. ਝੂਠੇ ਨਬੀ ਕੁਝ ਝੂਠੇ ਨਬੀ ਯਹੋਵਾਹ ਦੇ ਲੋਕਾਂ ਨੂੰ ਝੂਠੀਆਂ ਅਫ਼ਵਾਹਾਂ ਸੁਣਾ ਰਹੇ ਹਨ। ਯਹੋਵਾਹ ਉਨ੍ਹਾਂ ਨਬੀਆਂ ਲਈ ਇਉਂ ਫ਼ੁਰਮਾਉਂਦਾ ਹੈ: “ਇਹ ਨਬੀ ਰੋਟੀਆਂ ਕਾਰਣ ਆਪਣੇ ਬਚਨ ਕਰ ਰਹੇ ਹਨ। ਜਿਹੜਾ ਉਨ੍ਹਾਂ ਨੂੰ ਅੰਨ ਦੇਵੇ ਉਨ੍ਹਾਂ ਲਈ ਨਬੀ ਸ਼ਾਂਤੀ ਦਾ ਇਕਰਾਰ ਕਰਦੇ ਹਨ ਤੇ ਜਿਹੜਾ ਨਹੀਂ ਦਿੰਦਾ ਉਨ੍ਹਾਂ ਨੂੰ ਜੰਗ ਦਾ ਬਚਨ ਕਰਦੇ ਹਨ।

6. “ਇਸੇ ਲਈ ਤੁਹਾਡੇ ਲਈ ਘਨਘੋਰ ਹਨੇਰਾ ਹੈ ਅਤੇ ਤੁਸੀਂ ਦਰਸ਼ਨ ਨਹੀਂ ਵੇਖਦੇ। ਭਵਿੱਖ ਵਿੱਚ ਕੀ ਵਾਪਰੇਗਾ, ਤੁਸੀਂ ਨਹੀਂ ਵੇਖ ਸੱਕਦੇ। ਨਬੀਆਂ ਉੱਤੋਂ ਸੂਰਜ ਹਟ ਗਿਆ ਹੈ, ਭਵਿੱਖ ਵਿੱਚ ਕੀ ਵਾਪਰੇਗਾ, ਉਹ ਨਹੀਂ ਵੇਖ ਸੱਕਦੇ। ਇਸੇ ਲਈ, ਉਨ੍ਹਾਂ ਵਾਸਤੇ ਇਹ ਘੋਰ ਅੰਧਕਾਰ ਵਾਂਗ ਹੈ।

7. ਸਾਰੇ ਨਬੀ ਅਤੇ ਭਵਿੱਖਵਕਤਾ ਸ਼ਰਮਸਾਰ ਹਨ। ਉਹ ਕੁਝ ਨਾ ਆਖਣਗੇ ਕਿਉਂ ਕਿ ਪਰਮੇਸ਼ੁਰ ਉਨ੍ਹਾਂ ਨਾਲ ਨਾ ਬੋਲੇਗਾ।

8. ਮੀਕਾਹ ਪਰਮੇਸ਼ੁਰ ਦਾ ਸੱਚਾ ਨਬੀ ਪਰ ਯਹੋਵਾਹ ਦੇ ਆਤਮੇ ਨੇ ਮੈਨੂੰ ਤਾਕਤ, ਸ਼ਕਤੀ ਅਤੇ ਨੇਕੀ ਨਾਲ ਭਰ ਦਿੱਤਾ ਹੈ, ਤਾਂ ਕਿ ਮੈਂ ਯਾਕੂਬ ਨੂੰ ਉਸ ਦੇ ਪਾਪਾਂ ਬਾਰੇ ਦੱਸ ਸੱਕਦਾ ਹਾਂ, ਤਾਂ ਜੋ ਮੈਂ ਇਸਰਾਏਲ ਨੂੰ ਉਸ ਦੇ ਪਾਪਾਂ ਬਾਰੇ ਦੱਸਾਂ।”

9. ਇਸਰਾਏਲ ਦੇ ਆਗੂਆਂ ਦਾ ਦੋਸ਼ ਯਾਕੂਬ ਦੇ ਆਗੂਓ ਅਤੇ ਇਸਰਾਏਲ ਦੇ ਸ਼ਾਸਕੋ, ਮੇਰੀ ਗੱਲ ਸੁਣੋ! ਤੁਸੀਂ ਸਹੀ ਜੀਵਨ ਢੰਗ ਨੂੰ ਨਫ਼ਰਤ ਕਰਦੇ ਹੋ। ਤੁਸੀਂ ਜਿਉਣ ਦੇ ਸਹੀ ਤਰੀਕੇ ਨੂੰ ਵਿਗਾੜਦੇ ਹੋ।

10. ਤੁਸੀਂ ਲੋਕਾਂ ਦੀ ਹਤਿਆ ਨਾਲ ਸੀਯੋਨ ਨੂੰ ਸਿੰਜਿਆ ਅਤੇ ਲੋਕਾਂ ਨੂੰ ਧੋਖਾ ਦੇਕੇ ਯਰੂਸ਼ਲਮ ਉਸਾਰਿਆ।

11. ਯਰੂਸ਼ਲਮ ਦੇ ਨਿਆਂਕਾਰ ਵਾਢੀ ਲੈ ਕੇ ਨਿਆਉ ਕਰਦੇ ਹਨ, ਉੱਥੇ ਜਾਜਕ ਪੈਸੇ ਲੈ ਕੇ ਸਿੱਖਿਆ ਦਿੰਦੇ ਹਨ ਅਤੇ ਨਬੀ ਪੈਸੇ ਲੈ ਕੇ ਭਵਿੱਖਬਾਣੀ ਕਰਦੇ ਹਨ ਤਾਂ ਵੀ ਉਹ ਇਹ ਆਖਕੇ ਯਹੋਵਾਹ ਉੱਤੇ ਆਸਰਾ ਲੈਂਦੇ ਹਨ, “ਯਹੋਵਾਹ ਇੱਥੇ ਸਾਡੇ ਅੰਗ ਸੰਗ ਹੈ ਤੇ ਸਾਡੇ ਨਾਲ ਕੁਝ ਮਾੜਾ ਨਹੀਂ ਵਾਪਰੇਗਾ।”

12. ਹੇ ਆਗੂਓ! ਤੁਹਾਡੇ ਕਾਰਣ ਸੀਯੋਨ ਦੀ ਤਬਾਹੀ ਹੋਵੇਗੀ ਅਤੇ ਇਹ ਖੇਤ ਵਾਂਗ ਵਾਹਿਆ ਜਾਵੇਗਾ। ਯਰੂਸ਼ਲਮ ਬੇਹ ਹੋ ਜਾਵੇਗਾ ਪਹਾੜ ਵਾਲਾ ਮੰਦਰ ਇੱਕ ਸੱਖਣੀ ਉਚਿਆਈ ਜਿੱਥੇ ਜੰਗਲੀ ਬੋਹਰ ਉਗੇਗੀ।

Bibles

Books

Chapters