ਯਾਕੂਬ ਅਤੇ ਏਸਾਓ ਮਿਲੇ
1. ਯਾਕੂਬ ਬਹਾਦਰੀ ਦਿਖਾਉਂਦਾ ਯਾਕੂਬ ਨੇ ਤੱਕਿਆ ਅਤੇ ਏਸਾਓ ਨੂੰ ਆਉਂਦਿਆ ਵੇਖਿਆ। ਏਸਾਓ 400 ਆਦਮੀਆਂ ਨਾਲ ਆ ਰਿਹਾ ਸੀ। ਯਾਕੂਬ ਨੇ ਆਪਣੇ ਬੱਚਿਆਂ ਨੂੰ ਲੇਆਹ, ਰਾਖੇਲ ਅਤੇ ਆਪਣੀਆਂ ਦੋ ਦਾਸੀਆਂ ਵਿੱਚਕਾਰ ਵੰਡ ਦਿੱਤਾ।
2. ਯਾਕੂਬ ਨੇ ਸਭ ਤੋਂ ਪਹਿਲਾਂ ਦਾਸੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਰੱਖਿਆ। ਫ਼ੇਰ ਯਾਕੂਬ ਨੇ ਲੇਆਹ ਅਤੇ ਉਸ ਦੇ ਬੱਚਿਆਂ ਨੂੰ ਉਨ੍ਹਾਂ ਦੇ ਪਿੱਛੇ ਰੱਖਿਆ। ਅਤੇ ਯਾਕੂਬ ਨੇ ਰਾਖੇਲ ਅਤੇ ਯਾਕੂਬ ਨੂੰ ਸਭ ਤੋਂ ਅਖੀਰ ਵਿੱਚ ਰੱਖਿਆ।
3. ਯਾਕੂਬ ਖੁਦ ਏਸਾਓ ਵੱਲ ਨੂੰ ਬਾਹਰ ਗਿਆ। ਇਸ ਲਈ ਉਹ ਏਸਾਓ ਦੇ ਸਾਹਮਣੇ ਆਉਣ ਵਾਲਾ ਪਹਿਲਾ ਬੰਦਾ ਸੀ। ਯਾਕੂਬ ਨੇ ਆਪਣੇ ਭਰਾ ਵੱਲ ਆਉਂਦਿਆਂ ਹੋਇਆ ਸੱਤ ਵਾਰੀ ਧਰਤੀ ਵੱਲ ਝੁਕ ਕੇ ਸਿਜਦਾ ਕੀਤਾ।
4. ਜਦੋਂ ਏਸਾਓ ਨੇ ਯਾਕੂਬ ਨੂੰ ਵੇਖਿਆ ਤਾਂ ਉਹ ਉਸ ਨੂੰ ਮਿਲਣ ਲਈ ਦੌੜ ਪਿਆ। ਏਸਾਓ ਨੇ ਯਾਕੂਬ ਦੁਆਲੇ ਬਾਹਾਂ ਵਲ ਲਈਆਂ ਅਤੇ ਉਸ ਨੂੰ ਜੱਫ਼ੀ ਪਾ ਲਈ ਅਤੇ ਉਸ ਨੂੰ ਚੁੰਮਿਆ। ਫ਼ੇਰ ਉਹ ਦੋਵੇਂ ਰੋ ਪਏ।
5. ਏਸਾਓ ਨੇ ਉੱਪਰ ਵੱਲ ਤੱਕਿਆ ਅਤੇ ਔਰਤਾਂ ਅਤੇ ਬੱਚਿਆਂ ਨੂੰ ਦੇਖਿਆ। ਉਸ ਨੇ ਆਖਿਆ, “ਤੇਰੇ ਨਾਲ ਇਹ ਸਾਰੇ ਲੋਕ ਕੌਣ ਹਨ?” ਯਾਕੂਬ ਨੇ ਜਵਾਬ ਦਿੱਤਾ, “ਇਹ ਉਹ ਬੱਚੇ ਹਨ ਜਿਹੜੇ ਪਰਮੇਸ਼ੁਰ ਨੇ ਮੈਨੂੰ ਦਿੱਤੇ ਹਨ। ਪਰਮੇਸ਼ੁਰ ਮੇਰੇ ਉੱਤੇ ਮਿਹਰਬਾਨ ਰਿਹਾ ਹੈ।”
6. ਫ਼ੇਰ ਦੋ ਦਾਸੀਆਂ ਬੱਚਿਆਂ ਸਮੇਤ ਏਸਾਓ ਕੋਲ ਗਈਆਂ। ਉਨ੍ਹਾਂ ਨੇ ਉਸ ਦੇ ਸਾਹਮਣੇ ਝੁਕ ਕੇ ਸਿਜਦਾ ਕੀਤਾ।
7. ਲੇਆਹ ਅਤੇ ਉਸ ਦੇ ਬੱਚੇ ਏਸਾਓ ਕੋਲ ਗਏ ਅਤੇ ਉਸ ਦੇ ਸਾਹਮਣੇ ਝੁਕ ਗਏ ਅਤੇ ਫ਼ੇਰ ਰਾਖੇਲ ਅਤੇ ਯੂਸੁਫ਼ ਏਸਾਓ ਕੋਲ ਗਏ ਅਤੇ ਉਸ ਅੱਗੇ ਝੁਕ ਗਏ।
8. ਏਸਾਓ ਨੇ ਆਖਿਆ, “ਇਹ ਸਾਰੇ ਲੋਕ ਕੌਨ ਹਨ ਜਿਨ੍ਹਾਂ ਨੂੰ ਇੱਥੇ ਆਉਣ ਸਮੇਂ ਦੇਖਿਆ ਸੀ? ਅਤੇ ਇਹ ਸਾਰੇ ਜਾਨਵਰ ਕਾਹਦੇ ਲਈ ਹਨ?” ਯਾਕੂਬ ਨੇ ਜਵਾਬ ਦਿੱਤਾ, “ਇਹ ਸਾਰੇ ਮੇਰੇ ਵੱਲੋਂ ਤੁਹਾਡੇ ਲਈ ਸੁਗਾਤ ਹਨ ਤਾਂ ਜੋ ਤੁਸੀਂ ਮੈਨੂੰ ਪ੍ਰਵਾਨ ਕਰ ਸੱਕੋਂ।”
9. ਪਰ ਏਸਾਓ ਨੇ ਆਖਿਆ, “ਭਰਾਵਾ, ਮੇਰੇ ਕੋਲ ਅਪਾਰ ਹੈ। ਜੋ ਤੇਰੇ ਕੋਲ ਹੈ ਉਸ ਨੂੰ ਰੱਖ।”
10. ਯਾਕੂਬ ਨੇ ਆਖਿਆ, “ਨਹੀਂ! ਮੈਂ ਤੁਹਾਨੂੰ ਬੇਨਤੀ ਕਰਦਾ ਹਾਂ। ਜੇ ਤੁਸੀਂ ਸੱਚਮੁੱਚ ਮੈਨੂੰ ਪ੍ਰਵਾਨ ਕਰਦੇ ਹੋ ਤਾਂ ਇਹ ਸਾਰੀਆਂ ਸੁਗਾਤਾਂ ਮੇਰੇ ਵੱਲੋਂ ਕਬੂਲ ਕਰੋ। ਮੈਨੂੰ ਇੱਕ ਵਾਰੀ ਫ਼ੇਰ ਤੁਹਾਡਾ ਚਿਹਰਾ ਵੇਖਕੇ ਬਹੁਤ ਖੁਸ਼ੀ ਹੋਈ ਹੈ। ਇਹ ਪਰਮੇਸ਼ੁਰ ਦਾ ਚਿਹਰਾ ਦੇਖਣ ਵਰਗੀ ਗੱਲ ਹੈ। ਮੈਨੂੰ ਇਹ ਦੇਖਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਮੈਨੂੰ ਪ੍ਰਵਾਨ ਕਰਦੇ ਹੋ।
11. ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੀਆਂ ਇਹ ਸੁਗਾਤਾਂ ਵੀ ਪ੍ਰਵਾਨ ਕਰੋ। ਪਰਮੇਸ਼ੁਰ ਦੀ ਮੇਰੇ ਉੱਤੇ ਅਪਾਰ ਕਿਰਪਾ ਹੈ। ਮੇਰੇ ਕੋਲ ਮੇਰੀਆਂ ਲੋੜਾਂ ਨਾਲੋਂ ਵੱਧੇਰੇ ਹੈ।” ਇਸ ਤਰ੍ਹਾਂ ਯਾਕੂਬ ਨੇ ਏਸਾਓ ਨੂੰ ਸੁਗਾਤਾਂ ਲੈਣ ਲਈ ਬੇਨਤੀ ਕੀਤੀ। ਇਸ ਲਈ ਏਸਾਓ ਨੇ ਸੁਗਾਤਾਂ ਪ੍ਰਵਾਨ ਕਰ ਲਈਆਂ।
12. ਫ਼ੇਰ ਏਸਾਓ ਨੇ ਆਖਿਆ, “ਹੁਣ ਤੁਸੀਂ ਆਪਣਾ ਸਫ਼ਰ ਜਾਰੀ ਰੱਖ ਸੱਕਦੇ ਹੋਂ। ਮੈਂ ਤੁਹਾਡੇ ਨਾਲ ਜਾਵਾਂਗਾ।”
13. ਪਰ ਯਾਕੂਬ ਨੇ ਉਸ ਨੂੰ ਆਖਿਆ, “ਤੁਸੀਂ ਜਾਣਦੇ ਹੋ ਕਿ ਮੇਰੇ ਬੱਚੇ ਕਮਜ਼ੋਰ ਹਨ। ਅਤੇ ਮੈਨੂੰ ਆਪਣੇ ਇੱਜੜਾਂ ਅਤੇ ਉਨ੍ਹਾਂ ਦੇ ਜਵਾਨ ਪਸ਼ੂਆਂ ਦਾ ਬਹੁਤ ਧਿਆਨ ਰੱਖਣਾ ਪਵੇਗਾ। ਜੇ ਮੈਂ ਉਨ੍ਹਾਂ ਨੂੰ ਇੱਕ ਦਿਨ ਵਿੱਚ ਬਹੁਤ ਦੂਰ ਤੁਰਨ ਲਈ ਮਜ਼ਬੂਰ ਕਰਦਾ ਹਾਂ ਤਾਂ ਸਾਰੇ ਪਸ਼ੂ ਮਰ ਜਾਣਗੇ।
14. ਇਸ ਲਈ ਤੁਸੀਂ ਅੱਗੇ ਚੱਲੋ। ਮੈਂ ਹੌਲੀ-ਹੌਲੀ ਤੁਹਾਡੇ ਪਿੱਛੇ ਆਵਾਂਗਾ। ਮੈਂ ਆਪਣੇ ਪਸ਼ੂਆਂ ਅਤੇ ਹੋਰ ਜਾਨਵਰਾਂ ਕਾਰਣ ਕਾਫ਼ੀ ਹੌਲੀ ਚੱਲਾਂਗਾ ਤਾਂ ਜੋ ਉਹ ਸੁਰੱਖਿਅਤ ਰਹਿਣ ਅਤੇ ਮੇਰੇ ਬੱਚੇ ਬਹੁਤ ਜ਼ਿਆਦਾ ਨਾ ਥੱਕ ਜਾਣ। ਮੈਂ ਤੁਹਾਨੂੰ ਸੇਈਰ ਵਿੱਚ ਮਿਲਾਂਗਾ।”
15. ਇਸ ਲਈ ਏਸਾਓ ਨੇ ਆਖਿਆ, “ਤਾਂ ਫ਼ੇਰ ਮੈਂ ਆਪਣੇ ਕੁਝ ਬੰਦੇ ਤੁਹਾਡੀ ਸਹਾਇਤਾ ਲਈ ਛੱਡ ਦਿਆਂਗਾ।” ਪਰ ਯਾਕੂਬ ਨੇ ਆਖਿਆ, “ਇਹ ਤਾਂ ਤੁਹਾਡੀ ਬਹੁਤ ਮਿਹਰਬਾਨੀ ਹੈ। ਪਰ ਇਸਦੀ ਕੋਈ ਲੋੜ ਨਹੀਂ।”
16. ਇਸ ਲਈ ਉਸ ਦਿਨ, ਏਸਾਓ ਨੇ ਆਪਣੇ ਨਗਰ ਵੱਲ ਵਾਪਸ ਆਪਣਾ ਸਫ਼ਰ ਸ਼ੁਰੂ ਕਰ ਦਿੱਤਾ।
17. ਪਰ ਯਾਕੂਬ ਸੁੱਕੋਥ ਨੂੰ ਚੱਲਾ ਗਿਆ। ਉਸ ਥਾਂ ਉਸ ਨੇ ਆਪਣੇ ਰਹਿਣ ਲਈ ਇੱਕ ਘਰ ਬਣਾਇਆ ਅਤੇ ਆਪਣੇ ਪਸ਼ੂਆਂ ਲਈ ਛੋਟੇ ਬਾੜੇ। ਇਸੇ ਲਈ ਉਸ ਥਾਂ ਦਾ ਨਾਮ ਸੁੱਕੋਥ ਰੱਖਿਆ ਗਿਆ।
ਯਾਕੂਬ ਕਨਾਨ ਆਇਆ
18. ਯਾਕੂਬ ਨੇ ਪਦਮ ਅਰਾਮ ਤੋਂ ਆਪਣਾ ਸਫ਼ਰ ਸਫ਼ਲਤਾ ਨਾਲ ਪੂਰਾ ਕੀਤਾ ਜਦੋਂ ਉਹ ਕਨਾਨ ਦੇ ਸ਼ਹਿਰ ਸ਼ਕਮ ਪਹੁੰਚ ਗਿਆ ਯਾਕੂਬ ਨੇ ਸ਼ਹਿਰ ਦੇ ਨੇੜੇ ਇੱਕ ਮੈਦਾਨ ਵਿੱਚ ਆਪਣਾ ਡੇਰਾ ਲਾ ਲਿਆ।
19. ਜਿਸ ਮੈਦਾਨ ਵਿੱਚ ਯਾਕੂਬ ਨੇ ਡੇਰਾ ਲਾਇਆ ਸੀ ਉਹ ਉਸ ਨੇ ਸ਼ਕਮ ਦੇ ਪਿਤਾ ਹਮੋਰ ਦੇ ਪਰਿਵਾਰ ਤੋਂ ਖਰੀਦਿਆ ਹੋਇਆ ਸੀ। ਯਾਕੂਬ ਨੇ ਇਸ ਲਈ 100 ਚਾਂਦੀ ਦੇ ਸਿੱਕੇ ਦਿੱਤੇ ਸਨ।
20. ਯਾਕੂਬ ਨੇ ਉੱਥੇ ਪਰਮੇਸ਼ੁਰ ਦੀ ਉਪਾਸਨਾ ਲਈ ਇੱਕ ਜਗਵੇਦੀ ਉਸਾਰੀ। ਯਾਕੂਬ ਨੇ ਉਸ ਥਾਂ ਦਾ ਨਾਮ “ਏਲ, ਇਸਰਾਏਲ ਦਾ ਪਰਮੇਸ਼ੁਰ,” ਧਰਿਆ।