ਅਬਰਾਮ ਨੂੰ ਕਨਾਨ ਵਿਰਾਸਤ ਵਿੱਚ ਮਿਲਿਆ
1. ਅਬਰਾਮ ਦੀ ਕਨਾਨ ਵਿੱਚ ਵਾਪਸੀ ਇਸ ਤਰ੍ਹਾਂ, ਅਬਰਾਮ ਨੇ ਮਿਸਰ ਛੱਡ ਦਿੱਤਾ। ਅਬਰਾਮ ਆਪਣੀ ਪਤਨੀ ਅਤੇ ਆਪਣੀ ਸਾਰੀ ਮਲਕੀਅਤ ਸਮੇਤ ਨੇਗੇਵ ਵਿੱਚੋਂ ਹੌਲੇ ਲੰਘਿਆ। ਲੂਤ ਵੀ ਉਨ੍ਹਾਂ ਦੇ ਨਾਲ ਸੀ।
2. ਇਸ ਸਮੇਂ, ਅਬਰਾਮ ਬਹੁਤ ਅਮੀਰ ਸੀ। ਉਸ ਦੇ ਪਾਸ ਬਹੁਤ ਸਾਰੇ ਪਸ਼ੂ ਅਤੇ ਸੋਨਾ-ਚਾਂਦੀ ਸੀ।
3. ਅਬਰਾਮ ਆਲੇ-ਦੁਆਲੇ ਸਫ਼ਰ ਕਰਦਾ ਰਿਹਾ। ਉਸ ਨੇ ਨੇਗੇਵ ਨੂੰ ਛੱਡ ਦਿੱਤਾ ਅਤੇ ਬੈਤ-ਏਲ ਨੂੰ ਵਾਪਸ ਚੱਲਾ ਗਿਆ। ਉਹ ਉਸ ਥਾਂ ਤੇ ਚੱਲਾ ਗਿਆ ਜਿਹੜੀ ਬੈਤ-ਏਲ ਦੇ ਸ਼ਹਿਰ ਅਤੇ ਆਈ ਸ਼ਹਿਰ ਦੇ ਵਿੱਚਕਾਰ ਸੀ। ਇਹ ਓਹੀ ਥਾਂ ਸੀ ਜਿੱਥੇ ਅਬਰਾਮ ਅਤੇ ਉਸ ਦੇ ਪਰਿਵਾਰ ਨੇ ਪਹਿਲਾਂ ਵੀ ਡੇਰਾ ਲਾਇਆ ਸੀ।
4. ਇਹ ਓਹੀ ਥਾਂ ਸੀ ਜਿੱਥੇ ਅਬਰਾਮ ਨੇ ਜਗਵੇਦੀ ਉਸਾਰੀ ਸੀ। ਇਸ ਲਈ ਅਬਰਾਮ ਨੇ ਇੱਥੇ ਯਹੋਵਾਹ ਦੀ ਉਪਾਸਨਾ ਕੀਤੀ।
5. ਅਬਰਾਮ ਅਤੇ ਲੂਤ ਦਾ ਵਿੱਛੜਨਾ ਇਸ ਸਮੇਂ ਦੌਰਾਨ, ਲੂਤ ਵੀ ਅਬਰਾਮ ਦੇ ਨਾਲ ਸਫ਼ਰ ਕਰ ਰਿਹਾ ਸੀ। ਲੂਤ ਕੋਲ ਬਹੁਤ ਸਾਰੇ ਜਾਨਵਰ ਅਤੇ ਤੰਬੂ ਸਨ।
6. ਅਬਰਾਮ ਅਤੇ ਲੂਤ ਕੋਲ ਇੰਨੇ ਜਾਨਵਰ ਸਨ ਕਿ ਉਸ ਧਰਤੀ ਉੱਤੇ ਦੋਹਾਂ ਦਾ ਗੁਜ਼ਾਰਾ ਇਕੱਠੇ ਨਹੀਂ ਹੋ ਸੱਕਦਾ ਸੀ।
7. ਕਨਾਨੀ ਲੋਕ ਅਤੇ ਪਰਿਜ਼ੀ ਲੋਕ ਵੀ ਉਸ ਵੇਲੇ ਉਸੇ ਧਰਤੀ ਉੱਤੇ ਰਹਿ ਰਹੇ ਸਨ। ਅਬਰਾਮ ਅਤੇ ਲੂਤ ਦੇ ਅਯਾਲੀਆਂ ਵਿੱਚ ਲੜਾਈ ਝਗੜਾ ਹੋਣ ਲੱਗ ਪਿਆ।
8. ਇਸ ਲਈ ਅਬਰਾਮ ਨੇ ਲੂਤ ਨੂੰ ਆਖਿਆ, “ਤੇਰੇ ਅਤੇ ਮੇਰੇ ਦਰਮਿਆਨ ਕੋਈ ਝਗੜਾ ਨਹੀਂ ਹੋਣਾ ਚਾਹੀਦਾ। ਤੇਰੇ ਬੰਦਿਆਂ ਅਤੇ ਮੇਰੇ ਬੰਦਿਆਂ ਨੂੰ ਝਗੜਨਾ ਨਹੀਂ ਚਾਹੀਦਾ। ਤੂੰ ਅਤੇ ਮੈਂ ਭਰਾ ਹਾਂ।
9. ਸਾਨੂੰ ਵੱਖ ਹੋ ਜਾਣਾ ਚਾਹੀਦਾ ਹੈ। ਤੂੰ ਜਿਹੜੀ ਵੀ ਥਾਂ ਚਾਹੇਂ ਚੁਣ ਸੱਕਦਾ ਹੈਂ। ਜੇ ਤੂੰ ਖੱਬੇ ਪਾਸੇ ਜਾਵੇਂਗਾ ਤਾਂ ਮੈਂ ਸੱਜੇ ਪਾਸੇ ਚੱਲਿਆ ਜਾਵਾਂਗਾ। ਜੇ ਤੂੰ ਸੱਜੇ ਪਾਸੇ ਜਾਵੇਂਗਾ ਤਾਂ ਮੈਂ ਖੱਬੇ ਪਾਸੇ ਚੱਲਿਆ ਜਾਵਾਂਗਾ।”
10. ਲੂਤ ਨੇ ਆਲੇ-ਦੁਆਲੇ ਨਜ਼ਰ ਮਾਰੀ ਅਤੇ ਯਰਦਨ ਦੀ ਵਾਦੀ ਦੇਖੀ। ਲੂਤ ਨੇ ਦੇਖਿਆ ਕਿ ਓੱਥੇ ਕਾਫ਼ੀ ਪਾਣੀ ਸੀ। (ਇਹ ਗੱਲ ਯਹੋਵਾਹ ਦੇ ਸਦੂਮ ਅਤੇ ਅਮੂਰਾਹ ਨੂੰ ਤਬਾਹ ਕਰਨ ਤੋਂ ਪਹਿਲਾਂ ਦੀ ਹੈ।) ਉਸ ਸਮੇਂ ਯਰਦਨ ਵਾਦੀ ਸੋਆਰ ਤੱਕ ਯਹੋਵਾਹ ਦੇ ਬਾਗ ਵਾਂਗ ਫੈਲੀ ਹੋਈ ਸੀ। ਇਹ ਧਰਤੀ ਮਿਸਰ ਦੇ ਵਾਂਗ ਚੰਗੀ ਸੀ।
11. ਇਸ ਲਈ ਲੂਤ ਨੇ ਯਰਦਨ ਦੀ ਵਾਦੀ ਵਿੱਚ ਰਹਿਣ ਦੀ ਚੋਣ ਕੀਤੀ। ਦੋਵੇਂ ਆਦਮੀ ਵੱਖ ਹੋ ਗਏ ਅਤੇ ਲੂਤ ਪੂਰਬ ਵੱਲ ਚੱਲ ਪਿਆ।
12. ਅਬਰਾਮ ਕਨਾਨ ਦੀ ਧਰਤੀ ਉੱਤੇ ਠਹਿਰ ਗਿਆ ਅਤੇ ਲੂਤ ਵਾਦੀ ਦੇ ਸ਼ਹਿਰਾਂ ਅੰਦਰ ਰਹਿਣ ਲੱਗਾ। ਲੂਤ ਦੂਰ ਦੱਖਣ ਵੱਲ ਸਦੂਮ ਨੂੰ ਚੱਲਾ ਗਿਆ ਅਤੇ ਓੱਥੇ ਹੀ ਆਪਣਾ ਡੇਰਾ ਲਾ ਲਿਆ।
13. ਯਹੋਵਾਹ ਜਾਣਦਾ ਸੀ ਕਿ ਸਦੂਮ ਦੇ ਲੋਕ ਬਹੁਤ ਬਦ ਅਤੇ ਪਾਪੀ ਸਨ।
14. ਲੂਤ ਦੇ ਚੱਲੇ ਜਾਣ ਤੋਂ ਬਾਦ, ਯਹੋਵਾਹ ਨੇ ਅਬਰਾਮ ਨੂੰ ਆਖਿਆ, “ਆਪਣੇ ਆਲੇ-ਦੁਆਲੇ ਦੇਖ, ਉੱਤਰ ਵੱਲ ਅਤੇ ਦੱਖਣ ਵੱਲ ਦੇਖ, ਅਤੇ ਪੂਰਬ ਅਤੇ ਪੱਛਮ ਵੱਲ ਦੇਖ।
15. ਇਹ ਸਾਰੀ ਧਰਤੀ ਜਿਹੜੀ ਤੂੰ ਦੇਖ ਰਿਹਾ ਹੈਂ, ਮੈਂ ਤੈਨੂੰ ਅਤੇ ਤੇਰੇ ਉੱਤਰਾਧਿਕਾਰੀਆਂ ਨੂੰ ਦੇ ਦੇਵਾਂਗਾ। ਇਹ ਹਮੇਸ਼ਾ ਤੁਹਾਡੀ ਹੀ ਰਹੇਗੀ।
16. ਮੈਂ ਤੁਹਾਡੇ ਬੰਦਿਆਂ ਦੀ ਗਿਣਤੀ ਵਿੱਚ ਇੰਨਾ ਵਾਧਾ ਕਰ ਦਿਆਂਗਾ ਜਿੰਨੀ ਧਰਤੀ ਉੱਤੇ ਧੂੜ ਹੈ। ਜੇ ਲੋਕੀ ਸਾਰੀ ਧਰਤੀ ਦੀ ਧੂੜ ਨੂੰ ਗਿਣ ਸੱਕਦੇ ਹਨ ਤਾਂ ਉਹ ਤੇਰੇ ਲੋਕਾਂ ਦੀ ਗਿਣਤੀ ਵੀ ਕਰ ਸੱਕਣਗੇ।
17. ਇਸ ਲਈ ਜਾਓ। ਆਪਣੀ ਧਰਤੀ ਦੀ ਲੰਬਾਈ ਅਤੇ ਚੌੜਾਈ ਦੁਆਲੇ ਚੱਲੋ, ਕਿਉਂਕਿ ਮੈਂ ਇਹ ਤੁਹਾਨੂੰ ਦੇ ਦੇਵਾਂਗਾ।”
18. ਇਸ ਤਰ੍ਹਾਂ ਅਬਰਾਮ ਨੇ ਆਪਣਾ ਤੰਬੂ ਪੁੱਟ ਲਿਆ। ਉਹ ਮਮਰੇ ਦੇ ਵੱਡੇ ਰੁੱਖਾਂ ਨੇੜੇ ਜਾਕੇ ਰਹਿਣ ਲੱਗ ਪਿਆ। ਇਹ ਥਾਂ ਹਬਰੋਨ ਸ਼ਹਿਰ ਦੇ ਨੇੜੇ ਸੀ। ਉਸ ਥਾਂ ਉੱਤੇ ਵੀ ਅਬਰਾਮ ਨੇ ਯਹੋਵਾਹ ਦੀ ਉਪਾਸਨਾ ਲਈ ਇੱਕ ਜਗਵੇਦੀ ਉਸਾਰੀ।