ਬੀਜਣ ਵਾਲੇ ਦੀ ਕਹਾਣੀ
1. ਯਿਸੂ ਦਾ ਬੀਜ ਬੀਜਣ ਬਾਰੇ ਉਪਦੇਸ਼ ਉਸੇ ਦਿਨ ਯਿਸੂ ਘਰੋ ਨਿਕਲ ਕੇ ਝੀਲ ਦੇ ਨੇੜੇ ਜਾ ਬੈਠਾ।
2. ਜਦੋਂ ਬਹੁਤ ਭੀੜ ਉਸ ਦੇ ਆਸ-ਪਾਸ ਇਕੱਠੀ ਹੋ ਗਈ ਤਾਂ ਉਹ ਬੇੜੀ ਤੇ ਚੜ੍ਹ੍ਹ ਬੈਠ ਗਿਆ ਅਤੇ ਸਾਰੇ ਲੋਕ ਕੰਢੇ ਤੇ ਖੜ੍ਹੇ ਸਨ।
3. ਫ਼ਿਰ ਯਿਸੂ ਨੇ ਦ੍ਰਿਸ਼ਟਾਂਤ ਵਿੱਚ ਬਹੁਤ ਸਾਰੀਆਂ ਗੱਲਾਂ ਸਮਝਾਈਆਂ। ਉਸ ਨੇ ਆਖਿਆ, “ਵੇਖੋ ਇੱਕ ਕਿਸਾਨ ਆਪਣਾ ਬੀਜ ਬੀਜਣ ਲਈ ਬਾਹਰ ਗਿਆ।
4. ਜਦੋਂ ਉਹ ਬੀਜ, ਬੀਜ ਰਿਹਾ ਸੀ ਤਾਂ ਕੁਝ ਬੀਜ ਬੀਜਦੇ ਹੋਏ ਸੜਕ ਵੱਲ ਡਿੱਗ ਪਏ, ਪੰਛੀ ਆਏ ਤੇ ਉਹ ਡਿੱਗੇ ਹੋਏ ਬੀਜ ਚੁਗ ਗਏ।
5. ਕੁਝ ਬੀਜ ਪੱਥਰੀਲੀ ਜ਼ਮੀਨ ਤੇ ਡਿੱਗ ਪਏ ਅਤੇ ਉਨ੍ਹਾਂ ਨੂੰ ਕਾਫ਼ੀ ਖਾਦ ਨਾ ਮਿਲੀ। ਉੱਥੇ ਬੀਜ ਬਹੁਤ ਜਲਦੀ ਉੱਗੇ ਕਿਉਂਕਿ ਜ਼ਮੀਨ ਕਾਫ਼ੀ ਡੂੰਘੀ ਨਹੀਂ ਸੀ।
6. ਪਰ ਜਦੋਂ ਸੂਰਜ ਚੜ੍ਹ੍ਹਿਆ, ਤਾਂ ਬੂਟੇ ਸੜ ਗਏ, ਉਹ ਇਸ ਲਈ ਮਰੇ ਕਿਉਂਕਿ ਉਨ੍ਹਾਂ ਦੀਆਂ ਜੜ੍ਹਾਂ ਡੂੰਘੀਆਂ ਨਹੀਂ ਸਨ।
7. ਅਤੇ ਕੁਝ ਬੀਜ ਕੰਡਿਆਂ ਵਿੱਚ ਡਿੱਗ ਪਏ, ਕੰਡਿਆਲੀਆਂ ਝਾੜੀਆਂ ਵੱਧੀਆਂ ਅਤੇ ਉਨ੍ਹਾਂ ਨੇ ਪੌਦਿਆਂ ਨੂੰ ਦਬਾ ਲਿਆ।
8. ਕੁਝ ਬੀਜ ਚੰਗੀ ਜ਼ਮੀਨ ਵਿੱਚ ਡਿੱਗ ਪਏ। ਉਹ ਪੌਦੇ ਬਣ ਗਏ ਅਤੇ ਅਨਾਜ ਪੈਦਾ ਕੀਤਾ। ਕੁਝ ਪੌਦਿਆਂ ਤੋਂ ਸੌ ਗੁਣਾ ਵੱਧ ਅਨਾਜ ਪੈਦਾ ਹੋਇਆ, ਕੁਝ ਤੋਂ ਸੱਠ ਗੁਣਾ ਵੱਧ ਅਤੇ ਕੁਝ ਤੋਂ ਤੀਹ ਗੁਣਾ ਵੱਧ ਅਨਾਜ ਪੈਦਾ ਹੋਇਆ।
9. ਤੁਸੀਂ ਜੋ ਲੋਕ ਮੈਨੂੰ ਸੁਣਦੇ ਹੋ, ਸੁਣੋ।”
ਦ੍ਰਿਸ਼ਟਾਂਤ ਦਾ ਉਦੇਸ਼
10. ਯਿਸੂ ਉਪਦੇਸ਼ ਲਈ ਦ੍ਰਿਸ਼ਟਾਂਤ ਕਿਉਂ ਵਰਤਦਾ ਸੀ ਤਾਂ ਚੇਲਿਆਂ ਨੇ ਯਿਸੂ ਕੋਲ ਆਕੇ ਉਸ ਨੂੰ ਕਿਹਾ, “ਤੂੰ ਉਨ੍ਹਾਂ ਨੂੰ ਦ੍ਰਿਸ਼ਟਾਂਤ ਵਿੱਚ ਉਪਦੇਸ਼ ਕਿਉਂ ਦਿੰਦਾ ਹੈਂ?”
11. ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਸਵਰਗ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ।
12. ਕਿਉਂਕਿ ਜਿਸ ਕੋਲ ਹੈ, ਉਸ ਨੂੰ ਵੱਧ ਦਿਤਾ ਜਾਵੇਗਾ। ਉਹ ਆਪਣੀ ਜ਼ਰੂਰਤ ਤੋਂ ਵੱਧ ਪ੍ਰਾਪਤ ਕਰੇਗਾ। ਪਰ ਜਿਸ ਕਿਸੇ ਕੋਲ ਨਹੀਂ ਹੈ, ਅਤੇ ਜੋ ਥੋੜਾ ਜਿਹਾ ਉਸ ਕੋਲ ਹੈ, ਉਸ ਤੋਂ ਉਹ ਵੀ ਲੈ ਲਿਆ ਜਾਵੇਗਾ।
13. ਇਸ ਲਈ ਮੈਂ ਉਨ੍ਹਾਂ ਨਾਲ ਦ੍ਰਿਸ਼ਟਾਤਾਂ ਵਿੱਚ ਗੱਲਾਂ ਕਰਦਾ ਹਾਂ ਕਿਉਂਕਿ ਉਹ ਵੇਖਦੇ ਹੋਵੇ ਵੀ ਉਹ ਨਹੀਂ ਵੇਖਦੇ ਅਤੇ ਸੁਣਦੇ ਹੋਏ ਵੀ ਉਹ ਨਹੀਂ ਸੁਣਦੇ ਅਤੇ ਨਾ ਹੀ ਸਮਝਦੇ ਹਨ।
14. ਇਸ ਲਈ ਜੋ ਯਸਾਯਾਹ ਨੇ ਆਖਿਆ ਉਨ੍ਹਾਂ ਦੇ ਮਾਮਲੇ ਵਿੱਚ ਸੱਚ ਹੋਇਆ: ‘ਤੁਸੀਂ ਲੋਕ ਹਮੇਸ਼ਾ ਸੁਣਦੇ ਰਹੋਂਗੇ ਪਰ ਸਮਝੋਗੇ ਨਹੀਂ। ਤੁਸੀਂ ਲੋਕ ਹਮੇਸ਼ਾ ਵੇਖਦੇ ਰਹੋਂਗੇ ਪਰ ਦੇਖੋਂਗੇ ਨਹੀਂ।
15. ਕਿਉਂਕਿ ਇਨ੍ਹਾਂ ਲੋਕਾਂ ਦੇ ਦਿਲ ਸਖਤ ਹੋ ਗਏ ਹਨ, ਇਨ੍ਹਾਂ ਦੇ ਕੰਨ ਬੋਲੇ ਹੋ ਗਏ ਹਨ, ਅਤੇ ਇਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ, ਤਾਂ ਜੋ ਇਹ ਆਪਣੀਆਂ ਅੱਖਾਂ ਨਾਲ ਨਾ ਵੇਖ ਸੱਕਣ ਅਤੇ ਆਪਣੇ ਕੰਨਾਂ ਨਾਲ ਨਾ ਸੁਣ ਸੱਕਣ। ਅਤੇ ਮੇਰੇ ਕੋਲ ਵਾਪਸ ਆਉਣ ਤਾਂ ਜੋ ਮੈਂ ਉਨ੍ਹਾਂ ਨੂੰ ਚੰਗਾ ਕਰਾਂ।’
16. ਪਰ ਤੁਹਾਡੀਆਂ ਅੱਖੀਆਂ ਧੰਨ ਹਨ, ਕਿਉਂ ਜੋ ਉਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਧੰਨ ਹਨ ਕਿਉਂ ਜੋ ਉਹ ਸੁਣਦੇ ਹਨ।
17. ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਬਹੁਤ ਸਾਰੇ ਨਬੀ ਅਤੇ ਚੰਗੇ ਲੋਕੀਂ ਉਹ ਗੱਲਾਂ ਵੇਖਣੀਆਂ ਚਾਹੁੰਦੇ ਸਨ ਜੋ ਤੁਸੀਂ ਹੁਣ ਵੇਖੀਆਂ ਹਨ। ਪਰ ਉਨ੍ਹਾਂ ਨੇ ਇਹ ਗੱਲਾਂ ਨਾ ਵੇਖੀਆਂ। ਉਹ ਗੱਲਾਂ ਸੁਨਣੀਆਂ ਚਾਹੁੰਦੇ ਸਨ ਜੋ ਹੁਣ ਤੁਸੀਂ ਸੁਣਦੇ ਹੋ ਪਰ ਉਨ੍ਹਾਂ ਨੇ ਨਾ ਸੁਣੀਆਂ।
ਬੀਜਣ ਵਾਲੇ ਦੇ ਦ੍ਰਿਸ਼ਟਾਂਤ ਦੀ ਵਿਆਖਿਆ ਕੀਤੀ ਗਈ
18. ਯਿਸੂ ਦੀ ਬੀਜ ਬਾਰੇ ਵਿਆਖਿਆ “ਇਸ ਲਈ ਬੀਜਣ ਵਾਲੇ ਦ੍ਰਿਸ਼ਟਾਂਤ ਦਾ ਅਰਥ ਸੁਣੋ।
19. “ਕੋਈ ਵਿਅਕਤੀ ਰਾਜ ਬਾਰੇ ਉਪਦੇਸ਼ ਸੁਣਦਾ ਹੈ, ਪਰ ਇਸ ਨੂੰ ਸਮਝਦਾ ਨਹੀਂ। ਤਾਂ ਦੁਸ਼ਟ ਆਉਂਦਾ ਹੈ ਅਤੇ ਜੋ ਕੁਝ ਵੀ ਉਸ ਦੇ ਦਿਲ ਵਿੱਚ ਬੀਜਿਆ ਹੋਇਆ ਪੁੱਟ ਲੈ ਜਾਂਦਾ ਹੈਂ। ਇਹ ਉਹੀ ਹੈ ਜੋ ਰਾਹ ਦੇ ਪਾਸੇ ਤੇ ਬੀਜਿਆ ਗਿਆ ਸੀ।
20. “ਅਤੇ ਜਿਹੜਾ ਬੀਜ਼ ਪੱਥਰੀਲੀ ਧਰਤੀ ਤੇ ਬੀਜਿਆ ਗਿਆ ਸੀ, ਉਹ ਉਸ ਵਿਅਕਤੀ ਵਰਗਾ ਹੈ ਜੋ ਉਪਦੇਸ਼ ਸੁਣਦਾ ਹੈ ਅਤੇ ਝੱਟ ਖੁਸ਼ੀ ਨਾਲ ਉਨ੍ਹਾਂ ਨੂੰ ਮੰਨ ਲੈਂਦਾ ਹੈ।
21. ਪਰ ਉਹ ਵਿਅਕਤੀ ਉਪਦੇਸ਼ਾਂ ਨੂੰ ਡੂੰਘਿਆਂ ਨਹੀਂ ਲੈਦਾ ਇਸ ਨਾਲ ਉਹ ਥੋੜਾ ਚਿਰ ਹੀ ਰਹਿੰਦਾ ਹੈ। ਜਦੋਂ ਇਨ੍ਹਾਂ ਉਪਦੇਸ਼ਾਂ ਕਾਰਨ ਉਸ ਨੂੰ ਦੁੱਖ ਜਾਂ ਕਸ਼ਟ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਝੱਟ ਆਪਣਾ ਵਿਸ਼ਵਾਸ ਛੱਡ ਦਿੰਦਾ ਹੈ।
22. “ਜਿਹੜਾ ਬੀਜ ਕੰਡਿਆਲੀਆਂ ਤੇ ਡਿੱਗਿਆ, ਉਹ ਉਸ ਵਿਅਕਤੀ ਵਰਗਾ ਹੈ ਜੋ ਉਪਦੇਸ਼ ਨੂੰ ਸੁਣਦਾ ਹੈ ਪਰ ਇਸ ਜਿੰਦਗੀ ਦੀ ਚਿੰਤਾ ਅਤੇ ਧਨ ਦਾ ਮਾਇਆ ਜਾਲ ਉਸ ਉਪਦੇਸ਼ ਦੇ ਵੱਧਣ ਵਿੱਚ ਵਿਘਨ ਪਾ ਦਿੰਦਾ ਹੈ। ਤਾਂ ਉਹ ਕੋਈ ਫ਼ਲ ਪੈਦਾ ਨਹੀਂ ਕਰ ਸੱਕਦਾ।
23. “ਪਰ ਜਿਹੜਾ ਬੀਜ ਉਪਜਾਊ ਜ਼ਮੀਨ ਤੇ ਡਿੱਗਿਆ ਉਹ ਉਸ ਵਿਅਕਤੀ ਵਰਗਾ ਹੈ ਜੋ ਉਪਦੇਸ਼ ਨੂੰ ਸੁਣਦਾ ਅਤੇ ਸਮਝਦਾ ਹੈ। ਉਹ ਜ਼ਰੂਰ ਚੰਗਾ ਫ਼ਲ ਦਿੰਦਾ ਹੈ। ਕੋਈ ਸੌ ਗੁਣਾ, ਕੋਈ ਸੱਠ ਗੁਣਾ ਅਤੇ ਕੋਈ ਤੀਹ ਗੁਣਾ ਫ਼ਲ ਦਿੰਦਾ ਹੈ।”
ਕਣਕ ਅਤੇ ਤਾਰਾਂ ਦਾ ਦ੍ਰਿਸ਼ਟਾਂਤ
24. ਕਣਕ ਅਤੇ ਜੰਗਲੀ ਬੂਟੀ ਬਾਰੇ ਦ੍ਰਿਸ਼ਟਾਂਤ ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦੇਕੇ ਆਖਿਆ, “ਸਵਰਗ ਦਾ ਰਾਜ ਇੱਕ ਅਜਿਹੇ ਮਨੁੱਖ ਵਰਗਾ ਹੈ ਜਿਸਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੀਜਿਆ।
25. ਪਰ ਜਦੋਂ ਸਾਰੇ ਲੋਕ ਸੁੱਤੇ ਹੋਏ ਸਨ, ਉਸਦਾ ਵੈਰੀ ਆਇਆ ਅਤੇ ਉਸਦੀ ਕਣਕ ਵਿੱਚ ਜੰਗਲੀ ਬੂਟੀ ਬੀਜਕੇ ਚੱਲਿਆ ਗਿਆ।
26. ਕਣਕ ਵੱਧੀ ਅਤੇ ਕਣਕ ਦੇ ਸਿੱਟੇ ਵੀ ਵੱਧੇ। ਅਤੇ ਉਸ ਦੇ ਨਾਲ ਜੰਗਲੀ ਬੂਟੀ ਵੀ ਵੱਧੀ।
27. ਫ਼ੇਰ ਮਾਲਕ ਦੇ ਨੋਕਰ ਉਸ ਕੋਲ ਆਏ ਅਤੇ ਆਖਿਆ, ‘ਸ਼੍ਰੀਮਾਨ ਜੀ, ਕੀ ਤੁਸੀਂ ਆਪਣੇ ਖੇਤ ਵਿੱਚ ਚੰਗੇ ਬੀਜ ਨਹੀਂ ਬੀਜੇ? ਤਾਂ ਫ਼ੇਰ ਜੰਗਲੀ ਬੂਟੀ ਕਿੱਥੋਂ ਆਈ?’
28. “ਮਨੁੱਖ ਨੇ ਜਵਾਬ ਦਿੱਤਾ, ‘ਕਿਸੇ ਵੈਰੀ ਨੇ ਅਜਿਹਾ ਕੀਤਾ ਹੈ।’ “ਨੋਕਰਾਂ ਨੇ ਪੁੱਛਿਆ, ‘ਕੀ ਸਾਨੂੰ ਜੰਗਲੀ ਬੂਟੀਆਂ ਨੂੰ ਇਕੱਠਾ ਕਰਨ ਜਾਣਾ ਚਾਹੀਦਾ ਹੈ?’
29. “ਮਨੁੱਖ ਨੇ ਜਵਾਬ ਦਿੱਤਾ, ‘ਨਹੀਂ, ਜਦੋਂ ਤੁਸੀਂ ਜੰਗਲੀ ਬੂਟੀ ਨੂੰ ਪੁੱਟੋਂਗੇ ਤਾਂ ਹੋ ਸੱਕਦਾ ਹੈ ਕਿ ਤੁਸੀਂ ਕਣਕ ਨੂੰ ਵੀ ਪੁੱਟ ਸੁੱਟੋਂ।
30. ਇਸ ਲਈ ਵਾਢੀ ਤੱਕ ਤੁਸੀਂ ਦੋਹਾਂ ਨੂੰ ਰਲੇ-ਮਿਲੇ ਵੱਧਣ ਦਿਓ ਅਤੇ ਵਾਢੀ ਦੇ ਵੇਲੇ, ਮੈਂ ਕਾਮਿਆਂ ਨੂੰ ਆਖਾਂਗਾ, ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਫ਼ੂਕਣ ਲਈ ਉਸਦਾ ਪੂਲਾ ਬੰਨ੍ਹੋ। ਅਤੇ ਫ਼ੇਰ ਕਣਕ ਨੂੰ ਇਕੱਠਾ ਕਰਕੇ ਮੇਰੇ ਕੋਠੇ ਵਿੱਚ ਜਮ੍ਹਾਂ ਕਰੋ।’”
ਸਰ੍ਹੋਂ ਦੇ ਬੀਜ ਦੀ ਕਹਾਣੀ
31. ਯਿਸੂ ਦਾ ਬਹੁਤ ਸਾਰਿਆਂ ਦ੍ਰਿਸ਼ਟਾਤਾਂ ਨਾਲ ਉਪਦੇਸ਼ ਦੇਣਾ ਉਨ੍ਹਾਂ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦੇਕੇ ਕਿਹਾ: “ਸਵਰਗ ਦਾ ਰਾਜ ਇੱਕ ਸਰ੍ਹੋਂ ਦੇ ਦਾਣੇ ਵਰਗਾ ਹੈ। ਇੱਕ ਮਨੁੱਖ ਨੇ ਇਸ ਨੂੰ ਲਿਆਂਦਾ ਅਤੇ ਆਪਣੇ ਖੇਤ ਵਿੱਚ ਬੀਜ ਦਿੱਤਾ।
32. ਇਹ ਸਭ ਚੀਜ਼ਾਂ ਤੋਂ ਛੋਟਾ ਹੈ ਪਰ ਜਦੋਂ ਬੀਜ ਉੱਗਦਾ ਹੈ, ਇਹ ਬਾਗ ਦੇ ਸਾਰਿਆਂ ਪੌਦਿਆਂ ਨਾਲੋਂ ਵੱਡਾ ਹੁੰਦਾ ਹੈ। ਅਤੇ ਇਹ ਇੱਕ ਰੁੱਖ ਬਣ ਜਾਂਦਾ ਹੈ। ਪੰਛੀ ਆਕੇ ਇਸ ਦੀਆਂ ਸ਼ਾਖਾਂ ਵਿੱਚ ਆਪਣੇ ਆਲ੍ਹਣੇ ਬਣਾਉਂਦੇ ਹਨ।”
ਖਮੀਰ ਦਾ ਦ੍ਰਿਸ਼ਟਾਂਤ
33. ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤੀ, “ਸਵਰਗ ਦਾ ਰਾਜ ਖਮੀਰ ਵਰਗਾ ਹੈ, ਜਿਸ ਨੂੰ ਔਰਤ ਨੇ ਲੈ ਕੇ ਦਸ ਕਿੱਲੋ ਆਟੇ ਵਿੱਚ ਮਿਲਾਇਆ, ਅਤੇ ਖਮੀਰ ਸਾਰੇ ਆਟੇ ਨੂੰ ਉਫ਼ਾਨ ਦਿੰਦਾ ਹੈ।”
ਭਵਿੱਖਬਾਣੀ ਅਤੇ ਦ੍ਰਿਸ਼ਟਾਂਤ
34. ਇਹ ਸਾਰੀਆਂ ਗੱਲਾਂ ਯਿਸੂ ਰਾਹੀਂ ਲੋਕਾਂ ਨੂੰ ਦ੍ਰਿਸ਼ਟਾਂਤ ਵਿੱਚ ਦੱਸੀਆਂ ਗਈਆਂ ਸਨ। ਉਸ ਨੇ ਦ੍ਰਿਸ਼ਟਾਂਤਾਂ ਦਾ ਇਸਤੇਮਾਲ ਕੀਤੇ ਬਿਨਾ ਲੋਕਾਂ ਨੂੰ ਕੁਝ ਨਹੀਂ ਦੱਸਿਆ।
35. ਇਹ ਉਵੇਂ ਸੀ ਜਿਹੜਾ ਬਚਨ ਨਬੀ ਨੇ ਕੀਤਾ ਸੀ ਕਿ: “ਮੈਂ ਦ੍ਰਿਸ਼ਟਾਤਾਂ ਵਿੱਚ ਆਪਣਾ ਮੂੰਹ ਖੋਲਾਂਗਾ, ਮੈਂ ਉਨ੍ਹਾਂ ਗੱਲਾਂ ਨੂੰ ਉਚਾਰਾਂਗਾ, ਜਿਹੜੀਆਂ ਕਿ ਦੁਨੀਆਂ ਦੇ ਮੁੱਢ ਤੋਂ ਗੁਪਤ ਰਹੀਆਂ ਹਨ।”
ਤਾਰੇ ਦੇ ਦ੍ਰਿਸ਼ਟਾਂਤ ਦੀ ਵਿਆਖਿਆ ਕੀਤੀ
36. ਯਿਸੂ ਕਣਕ ਅਤੇ ਜੰਗਲੀ ਬੂਟੀ ਬਾਰੇ ਦ੍ਰਿਸ਼ਟਾਂਤ ਦੀ ਵਿਆਖਿਆ ਕਰਦਾ ਫ਼ਿਰ ਯਿਸੂ ਨੇ ਲੋਕਾਂ ਨੂੰ ਵਿਦਾ ਕੀਤਾ ਅਤੇ ਘਰ ਆ ਗਿਆ ਉਸ ਦੇ ਚੇਲੇ ਉਸ ਕੋਲ ਆਏ ਅਤੇ ਆਖਿਆ, “ਸਾਨੂੰ ਖੇਤ ਦੀ ਜੰਗਲੀ ਬੂਟੀ ਦੀ ਦ੍ਰਿਸ਼ਟਾਂਤ ਦੀ ਵਿਆਖਿਆ ਕਰਕੇ ਦੱਸ।”
37. ਉਸ ਨੇ ਜਵਾਬ ਦਿੱਤਾ, “ਜਿਸ ਵਿਅਕਤੀ ਨੇ ਚੰਗਾ ਬੀਜ ਬੀਜਿਆ ਉਹ ਮਨੁੱਖ ਦਾ ਪੁੱਤਰ ਹੈ।
38. ਖੇਤ ਦੁਨੀਆਂ ਹੈ ਅਤੇ ਚੰਗੇ ਬੀਜ, ਹਕੂਮਤ ਦੇ ਪੁੱਤਰ ਹਨ। ਅਤੇ ਜੰਗਲੀ ਬੂਟੀਆਂ ਦੁਸ਼ਟ ਦੇ ਪੁੱਤਰ ਹਨ।
39. ਅਤੇ ਉਹ ਵੈਰੀ ਜਿਸਨੇ ਉਨ੍ਹਾਂ ਨੂੰ ਬੀਜਿਆ ਉਹ ਸ਼ੈਤਾਨ ਹੈ। ਵਾਢੀ ਦਾ ਵੇਲਾ ਜੁਗ ਦੇ ਅੰਤ ਦਾ ਸਮਾਂ ਹੈ ਅਤੇ ਵੱਢਣ ਵਾਲੇ ਪਰਮੇਸ਼ੁਰ ਦੇ ਦੂਤ ਹਨ।
40. “ਸੋ ਜਿਸ ਪ੍ਰਕਾਰ ਜੰਗਲੀ ਬੂਟੀ ਇਕੱਠੀ ਕੀਤੀ ਜਾਂਦੀ ਹੈ ਅਤੇ ਅੱਗ ਵਿੱਚ ਫ਼ੂਕੀ ਜਾਂਦੀ ਹੈ, ਇਸੇ ਤਰ੍ਹਾਂ ਇਸ ਜੁਗ ਦੇ ਅੰਤ ਦੇ ਸਮੇਂ ਹੋਵੇਗਾ।
41. ਮਨੁੱਖ ਦਾ ਪੁੱਤਰ ਆਪਣਿਆਂ ਦੂਤਾਂ ਨੂੰ ਆਪਣੇ ਰਾਜ ਵਿੱਚੋਂ ਪਾਪ ਕਰਾਉਣ ਦੇ ਸਾਰੇ ਕਾਰਣਾ ਅਤੇ ਭੈੜੀਆਂ ਵਸਤਾਂ ਅਤੇ ਪਾਪੀਆਂ ਤੇ ਸਾਰੇ ਕੁਕਰਮੀਆਂ ਨੂੰ ਇਕੱਠਿਆਂ ਕਰਨ ਲਈ ਘੱਲੇਗਾ।
42. ਉਹ ਉਨ੍ਹਾਂ ਨੂੰ ਅੱਗ ਦੇ ਭਠੇ ਵਿੱਚ ਸੁੱਟ ਦੇਣਗੇ। ਉੱਥੇ ਉਹ ਲੋਕ ਰੋਣਗੇ ਅਤੇ ਆਪਣੇ ਦੰਦ ਪੀਸਣਗੇ।
43. ਤਦ ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗ ਚਮਕਣਗੇ। ਜਿਹੜੇ ਲੋਕ ਸੁਣ ਸੱਕਦੇ ਹਨ ਸੁਨਣ।
ਲੁਕੇ ਹੋਏ ਖ਼ਜ਼ਾਨੇ ਦੀ ਕਹਾਣੀ
44. ਖਜ਼ਾਨਿਆਂ ਅਤੇ ਮੋਤੀਆਂ ਬਾਰੇ ਦ੍ਰਿਸ਼ਟਾਂਤ “ਸਵਰਗ ਦਾ ਰਾਜ ਉਸ ਖਜਾਨੇ ਵਰਗਾ ਹੈ ਜਿਹੜਾ ਖੇਤ ਵਿੱਚ ਲੁਕਿਆ ਹੋਇਆ ਹੈ। ਜਦੋਂ ਇੱਕ ਮਨੁੱਖ ਨੇ ਇਸ ਨੂੰ ਲੱਭ ਲਿਆ, ਉਸ ਨੇ ਇਸ ਨੂੰ ਖੇਤ ਵਿੱਚ ਫ਼ੇਰ ਦੱਬ ਦਿੱਤਾ। ਉਹ ਬਹੁਤ ਖੁਸ਼ ਸੀ ਕਿ ਉਸ ਨੇ ਉਸ ਖੇਤ ਨੂੰ ਖਰੀਦਣ ਵਾਸਤੇ ਆਪਣਾ ਸਭ ਕੁਝ ਵੇਚ ਦਿੱਤਾ, ਜੋ ਉਸ ਕੋਲ ਸੀ।
ਮਹਾਨ ਕੀਮਤ ਦੇ ਮੋਤੀ ਦੀ ਕਹਾਣੀ
45. “ਫ਼ੇਰ ਸਵਰਗ ਦਾ ਰਾਜ ਉਸ ਵਪਾਰੀ ਵਰਗਾ ਹੈ ਜੋ ਕਿ ਚੰਗੇ ਮੋਤੀਆਂ ਨੂੰ ਲੱਭ ਰਿਹਾ ਸੀ।
46. ਜਦ ਉਸ ਨੂੰ ਇੱਕ ਮੋਤੀ ਭਾਰੇ ਦਾਮ ਦਾ ਮਿਲਿਆ ਤਾਂ ਜਾਕੇ ਆਪਣਾ ਸਭ ਕੁਝ ਵੇਚ-ਵੱਟਕੇ ਉਸ ਨੇ ਉਹ ਮੋਤੀ ਮੁੱਲ ਲੈ ਲਿਆ।
ਡਰੈਗਨੇਟ ਦਾ ਦ੍ਰਿਸ਼ਟਾਂਤ
47. ਮੱਛੀ ਦੇ ਜਾਲ ਬਾਰੇ ਇੱਕ ਦ੍ਰਿਸ਼ਟਾਂਤ “ਸਵਰਗ ਦਾ ਰਾਜ ਇੱਕ ਜਾਲ ਵਰਗਾ ਵੀ ਹੈ, ਜਿਹੜਾ ਝੀਲ ਵਿੱਚ ਪਾਇਆ ਹੋਇਆ ਹੈ। ਉਸ ਜਾਲ ਨੇ ਵੱਖਰੀ ਪ੍ਰਕਾਰ ਦੀਆਂ ਮੱਛੀਆਂ ਫ਼ੜੀਆਂ।
48. ਜਦੋਂ ਉਹ ਭਰ ਗਿਆ ਤਾਂ ਮਛੇਰੇ ਜਾਲ ਨੂੰ ਕੰਢੇ ਉੱਤੇ ਖਿੱਚਕੇ ਲੈ ਆਏ ਅਤੇ ਬੈਠ ਕੇ ਚੰਗੀਆਂ ਮੱਛੀਆਂ ਨੂੰ ਬਾਲਟੀ ਵਿੱਚ ਜਮਾ ਕੀਤਾ ਅਤੇ ਫ਼ਿਜ਼ੂਲ ਨੂੰ ਪਰੇ ਸੁੱਟ ਦਿੱਤਾ।
49. ਸੋ ਦੁਨੀਆਂ ਦੇ ਅੰਤ ਦੇ ਸਮੇਂ ਵੀ ਅਜਿਹਾ ਹੋਵੇਗਾ। ਦੂਤ ਜਾਣਗੇ ਅਤੇ ਚੰਗੇ ਲੋਕਾਂ ਵਿੱਚੋਂ ਦੁਸ਼ਟਾਂ ਨੂੰ ਅਲੱਗ ਕਰ ਦੇਣਗੇ।
50. ਅਤੇ ਉਹ ਉਨ੍ਹਾਂ ਨੂੰ ਅੱਗ ਦੇ ਭਠੇ ਵਿੱਚ ਸੁੱਟ ਦੇਣਗੇ। ਉਸ ਜਗ੍ਹਾ ਤੇ ਲੋਕਾਂ ਨੂੰ ਰੋਣਾ ਪਵੇਗਾ ਅਤੇ ਆਪਣੇ ਦੰਦ ਪੀਸਣੇ ਪੈਣਗੇ।”
51. ਯਿਸੂ ਨੇ ਆਪਣੇ ਚੇਲਿਆਂ ਨੂੰ ਪੁੱਛਿਆ, “ਕੀ ਤੁਸੀਂ ਇਹ ਸਭ ਗੱਲਾਂ ਸਮਝਦੇ ਹੋ?” ਚੇਲਿਆਂ ਨੇ ਜਵਾਬ ਦਿੱਤਾ, “ਹਾਂ, ਅਸੀਂ ਸਮਝਦੇ ਹਾਂ।”
52. ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਇਸ ਲਈ ਹਰੇਕ ਨੇਮ ਦੇ ਉਪਦੇਸ਼ਕ, ਜਿਸ ਨੂੰ ਇਸ ਸਵਰਗ ਦੇ ਰਾਜ ਬਾਰੇ ਸਿੱਖਿਆ ਦਿੱਤੀ ਗਈ ਹੈ, ਉਹ ਘਰ ਦੇ ਮਾਲਕ ਵਰਗਾ ਹੈ, ਜਿਹੜਾ ਆਪਣੇ ਖਜ਼ਾਨੇ ਵਿੱਚੋਂ ਨਵੀਆਂ, ਅਤੇ ਪੁਰਾਣੀਆਂ ਚੀਜ਼ਾਂ ਬਾਹਰ ਕੱਢਦਾ ਹੈ।”
ਯਿਸੂ ਨੇ ਨਾਸਰਤ ਵਿੱਚ ਰੱਦ ਕਰ ਦਿੱਤਾ
53. ਯਿਸੂ ਦੀ ਆਪਣੇ ਘਰ ਵੱਲ ਵਾਪਸੀ ਜਦੋਂ ਯਿਸੂ ਨੇ ਇਹ ਦ੍ਰਿਸ਼ਟਾਂਤ ਪੂਰੇ ਕੀਤੇ ਤਾਂ ਉਹ ਉੱਥੋਂ ਤੁਰ ਪਿਆ।
54. ਯਿਸੂ ਉਸ ਨਗਰ ਵਿੱਚ ਗਿਆ ਜਿੱਥੇ ਉਹ ਵੱਡਾ ਹੋਇਆ ਸੀ ਅਤੇ ਉਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਉਪਦੇਸ਼ ਦੇਣੇ ਸ਼ੁਰੂ ਕਰ ਦਿੱਤੇ। ਤਾਂ ਉਹ ਲੋਕ ਹੈਰਾਨ ਹੋ ਗਏ ਅਤੇ ਪੁੱਛਿਆ, “ਉਸਨੇ ਕਰਿਸ਼ਮੇ ਕਰਨ ਦਾ ਇਹ ਗਿਆਨ ਅਤੇ ਸ਼ਕਤੀ ਕਿੱਥੋਂ ਪ੍ਰਾਪਤ ਕੀਤੀ ਹੈ?
55. ਭਲਾ ਇਹ ਤਰੱਖਾਣ ਦਾ ਪੁੱਤਰ ਨਹੀਂ, ਅਤੇ ਇਸਦੀ ਮਾਂ ਮਰਿਯਮ ਨਹੀਂ ਕਹਾਉਂਦੀ ਅਤੇ ਇਸਦੇ ਭਾਈ ਯਾਕੂਬ, ਯੂਸੁਫ਼, ਸ਼ਮਊਨ ਅਤੇ ਯਹੂਦਾ ਨਹੀਂ ਹਨ?
56. ਅਤੇ ਉਸ ਦੀਆਂ ਸਾਰੀਆਂ ਭੈਣਾਂ ਭਲਾ ਸਾਡੇ ਕੋਲ ਨਹੀਂ ਹਨ? ਫ਼ੇਰ ਉਸ ਨੂੰ ਇਹ ਸਭ ਕੁਝ ਕਿੱਥੋਂ ਮਿਲਿਆ?”
57. ਇੰਝ ਉਨ੍ਹਾਂ ਨੇ ਯਿਸੂ ਨੂੰ ਕਬੂਲਣ ਤੋਂ ਇਨਕਾਰ ਕਰ ਦਿੱਤਾ। ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਕਿਸੇ ਨਬੀ ਨੂੰ ਉਸ ਦੇ ਆਪਣੇ ਸ਼ਹਿਰ ਜਾਂ ਆਪਣੇ ਘਰ ਵਿੱਚ ਨਹੀਂ ਸਤਿਕਾਰਿਆ ਜਾਂਦਾ। ਬਾਕੀ ਲੋਕ ਉਸਦਾ ਸਤਿਕਾਰ ਕਰਦੇ ਹਨ।”
58. ਉੱਥੇ ਯਿਸੂ ਨੇ ਬਹੁਤੇ ਕਰਿਸ਼ਮੇ ਨਾ ਕੀਤੇ ਕਿਉਂਕਿ ਉਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ।