ਉਹ ਜੀ ਉੱਠਿਆ ਹੈ

1. ਯਿਸੂ ਦਾ ਪੁਨਰ ਉਥਾਨ ਹਫਤੇ ਦੇ ਪਹਿਲੇ ਦਿਨ ਅਮ੍ਰਿਤ ਵੇਲੇ, ਜੋ ਅਤਰ ਉਨ੍ਹਾਂ ਨੇ ਤਿਆਰ ਕੀਤੇ ਸਨ ਉਹ ਲੈ ਕੇ ਔਰਤਾਂ ਕਬਰ ਤੇ ਆਈਆਂ।

2. ਉਨ੍ਹਾਂ ਨੇ ਵੇਖਿਆ ਕਿ ਜਿਹੜਾ ਪੱਥਰ ਕਬਰ ਦੇ ਪ੍ਰਵੇਸ਼ ਦੁਆਰ ਤੇ ਰੱਖਿਆ ਗਿਆ ਸੀ, ਪਾਸੇ ਰੋਢ਼ਿਆ ਹੋਇਆ ਸੀ।

3. ਉਹ ਅੰਦਰ ਗਈਆਂ, ਪਰ ਉੱਥੇ ਉਨ੍ਹਾਂ ਨੂੰ ਪ੍ਰਭੂ ਯਿਸੂ ਦੀ ਦੇਹ ਨਾ ਲੱਭੀ।

4. ਜਦੋਂ ਹਾਲੇ ਉਹ ਇਸ ਬਾਰੇ ਅਚੰਭਿਤ ਹੀ ਸਨ, ਦੋ ਦੂਤ ਚਮਕੀਲੇ ਕੱਪੜੇ ਪਾਏ ਹੋਏ ਆਏ ਅਤੇ ਉਨ੍ਹਾਂ ਦੇ ਕੋਲ ਖੜ੍ਹੇ ਹੋ ਗਏ।

5. ਡਰ ਦੇ ਕਾਰਣ ਉਨ੍ਹਾਂ ਨੇ ਆਪਣੇ ਸਿਰ ਝੁਕਾ ਲਏ। ਉਨ੍ਹਾਂ ਦੂਤਾਂ ਨੇ ਉਨ੍ਹਾਂ ਔਰਤਾਂ ਨੂੰ ਆਖਿਆ, “ਤੁਸੀਂ ਜਿਉਂਦਿਆਂ ਹੋਇਆਂ ਨੂੰ ਮੋਇਆਂ ਵਿੱਚ ਕਿਉਂ ਲੱਭ ਰਹੀਆਂ ਹੋ?

6. ਉਹ ਇੱਥੇ ਨਹੀਂ ਹੈ। ਉਹ ਮੁਰਦਿਆਂ ਵਿੱਚੋਂ ਜੀਅ ਉੱਠਿਆ ਹੈ। ਕੀ ਤੁਹਾਨੂੰ ਯਾਦ ਹੈ ਤੁਹਾਨੂੰ ਕੀ ਆਖਿਆ ਸੀ ਜਦੋਂ ਉਹ ਗਲੀਲ ਵਿੱਚ ਸੀ?

7. ਉਸ ਨੇ ਆਖਿਆ ਕਿ, ਮਨੁੱਖ ਦਾ ਪੁੱਤਰ ਭ੍ਰਿਸ਼ਟ ਲੋਕਾਂ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ ਅਤੇ, ਸੂਲੀ ਤੇ ਮਰਵਾਇਆ ਜਾਵੇਗਾ ਅਤੇ ਤੀਜੇ ਦਿਨ ਫ਼ਿਰ ਜੀਅ ਉੱਠੇਗਾ।”

8. ਤਦ ਉਨ੍ਹਾਂ ਔਰਤਾਂ ਨੂੰ ਯਿਸੂ ਦੇ ਕੀਤੇ ਬਚਨ ਯਾਦ ਆਏ।

9. ਤਦ ਔਰਤਾਂ ਕਬਰ ਤੋਂ ਵਿਦਾ ਹੋ ਗਈਆਂ ਅਤੇ ਗਿਆਰ੍ਹਾਂ ਰਸੂਲਾਂ ਅਤੇ ਬਾਕੀ ਦੇ ਸਾਰੇ ਚੇਲਿਆਂ ਕੋਲ ਆ ਗਈਆਂ। ਉਨ੍ਹਾਂ ਨੇ ਇਨ੍ਹਾਂ ਸਭ ਗੱਲਾਂ ਬਾਰੇ ਉਨ੍ਹਾਂ ਨੂੰ ਦਸਿਆ।

10. ਇਹ ਔਰਤਾਂ ਮਰਿਯਮ ਮਗਦਲੀਨੀ, ਯੋਆਨਾ ਅਤੇ ਯਾਕੂਬ ਦੀ ਮਾਂ ਅਤੇ ਕੁਝ ਹੋਰ ਔਰਤਾਂ ਸਨ। ਉਨ੍ਹਾਂ ਨੇ ਇਹ ਗੱਲਾਂ ਰਸੂਲਾਂ ਨੂੰ ਕਹੀਆਂ।

11. ਪਰ ਰਸੂਲਾਂ ਨੇ ਔਰਤਾਂ ਦਾ ਵਿਸ਼ਵਾਸ ਨਹੀਂ ਕੀਤਾ, ਕਿਉਂਕਿ ਉਨ੍ਹਾਂ ਦੇ ਸ਼ਬਦ ਉਨ੍ਹਾਂ ਲਈ ਮੂਰੱਖਤਾ ਵਾਲੀਆਂ ਗੱਲਾਂ ਵਾਂਗ ਸਨ।

12. ਪਰ ਪਤਰਸ ਉੱਠਿਆ ਅਤੇ ਕਬਰ ਵੱਲ ਨੂੰ ਦੌੜਿਆ, ਪਰ ਉਸ ਨੇ ਸਿਰਫ਼ ਮਲਮਲ ਦਾ ਕੱਪੜਾ ਵੇਖਿਆ ਜਿਸ ਵਿੱਚ ਯਿਸੂ ਦਾ ਸਰੀਰ ਲਪੇਟਿਆ ਹੋਇਆ ਸੀ। ਇਸ ਸਭ ਬਾਰੇ ਹੈਰਾਨੀ ਨਾਲ ਭਰਿਆ, ਉਹ ਉੱਥੋਂ ਚੱਲਾ ਗਿਆ।

Emmaus ਲਈ ਸੜਕ

13. ਇੰਮਊਸ ਦੀ ਸੜਕ ਤੇ ਉਸੇ ਦਿਨ, ਯਿਸੂ ਦੇ ਦੋ ਚੇਲੇ ਇੰਮਊਸ ਸ਼ਹਿਰ ਨੂੰ ਜਾ ਰਹੇ ਸਨ ਜੋ ਕਿ ਯਰੂਸ਼ਲਮ ਤੋਂ ਸੱਤ ਮੀਲ ਸੀ।

14. ਉਹ ਇੱਕ ਦੂਸਰੇ ਨਾਲ ਇਨ੍ਹਾਂ ਸਭ ਗੱਲਾਂ ਬਾਰੇ ਗੱਲਾਂ ਕਰ ਰਹੇ ਸਨ।

15. ਜਦੋਂ ਉਹ ਇਨ੍ਹਾਂ ਗੱਲਾਂ ਬਾਰੇ ਚਰਚਾ ਕਰ ਰਹੇ ਸਨ, ਯਿਸੂ ਖੁਦ ਉਨ੍ਹਾਂ ਨਾਲ ਰਲ ਗਿਆ ਅਤੇ ਉਨ੍ਹਾਂ ਨਾਲ ਚੱਲਣ ਲੱਗ ਪਿਆ।

16. ਪਰ ਉਨ੍ਹਾਂ ਦੀਆਂ ਅੱਖਾਂ ਨੇ ਉਸ ਨੂੰ ਪਛਾਨਣ ਨਹੀਂ ਦਿੱਤਾ।

17. ਤਦ ਯਿਸੂ ਨੇ ਕਿਹਾ, “ਜਦੋਂ ਤੁਸੀਂ ਤੁਰ ਰਹੇ ਸੀ ਉਹ ਕੀ ਸੀ ਜਿਸ ਬਾਰੇ ਤੁਸੀਂ ਚਰਚਾ ਕਰ ਰਹੇ ਸੀ?” ਉਹ ਦੋਨੋ ਮਨੁੱਖ ਖਲੋ ਗਏ, ਉਨ੍ਹਾਂ ਦੇ ਚਿਹਰੇ ਬੜੇ ਉਦਾਸ ਨਜ਼ਰ ਆ ਰਹੇ ਸਨ।

18. ਉਨ੍ਹਾਂ ਵਿੱਚੋਂ ਇੱਕ ਜਿਸਦਾ ਨਾਂ ਕਲਿਉਪਸ ਸੀ, ਨੇ ਕਿਹਾ, “ਯਰੂਸ਼ਲਮ ਸ਼ਹਿਰ ਵਿੱਚ ਤੂੰ ਹੀ ਇੱਕ ਅਜਿਹਾ ਮਨੁੱਖ ਹੋਵੇਂਗਾ ਜਿਸ ਨੂੰ ਇਹ ਨਹੀਂ ਪਤਾ ਕਿ ਉੱਥੇ ਪਿੱਛਲੇ ਕੁਝ ਦਿਨੀ ਕੀ ਵਾਪਰਿਆ ਸੀ।”

19. ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ?” ਉਨ੍ਹਾਂ ਨੇ ਉਸ ਨੂੰ ਕਿਹਾ, “ਇਹ ਨਾਸਰਤ ਦੇ ਯਿਸੂ ਬਾਰੇ ਹੈ। ਉਹ ਪਰਮੇਸ਼ੁਰ ਅਤੇ ਲੋਕਾਂ ਲਈ ਇੱਕ ਮਹਾਨ ਨਬੀ ਸੀ। ਇਹ ਉਸ ਨੇ ਸ਼ਕਤੀਸ਼ਾਲੀ ਬਚਨਾਂ ਅਤੇ ਕਰਨੀਆ ਦੁਆਰਾ ਸਾਬਤ ਕਰ ਦਿੱਤਾ।

20. ਪਰ ਸਾਡੇ ਪ੍ਰਧਾਨ ਜਾਜਕਾਂ ਨੇ ਉਸ ਨੂੰ ਸਜ਼ਾ ਦੇਣ ਲਈ ਮੌਤ ਦੇ ਹਵਾਲੇ ਕਰ ਦਿੱਤਾ। ਅਤੇ ਉਨ੍ਹਾਂ ਨੇ ਉਸ ਨੂੰ ਸਲੀਬ ਉੱਪਰ ਠੋਕ ਦਿੱਤਾ।

21. ਪਰ ਸਾਨੂੰ ਆਸ ਸੀ ਕਿ ਉਹੀ ਸੀ ਜੋ ਇਸਰਾਏਲ ਨੂੰ ਛੁਟਕਾਰਾ ਦੇ ਦਿੰਦਾ। ਪਰ ਉਸੇ ਦੌਰਾਨ ਇਹ ਸਭ ਵਾਪਰ ਗਿਆ। “ਯਿਸੂ ਨੂੰ ਮਰਿਆਂ ਤਿੰਨ ਦਿਨ ਹੋ ਗਏ ਹਨ।

22. ਪਰ ਸਾਡੀਆਂ ਕੁਝ ਔਰਤਾਂ ਨੇ ਸਾਨੂੰ ਕੁਝ ਹੈਰਾਨੀਜਨਕ ਖਬਰ ਦਿੱਤੀ।

23. ਅੱਜ ਸਵੇਰ ਵੇਲੇ ਇਹ ਔਰਤਾਂ ਯਿਸੂ ਦੀ ਕਬਰ ਵੱਲ ਗਈਆਂ। ਪਰ ਉਸਦਾ ਸਰੀਰ ਉਸ ਵਿੱਚ ਨਾ ਲੱਭਿਆ। ਉਹ ਆਈਆਂ ਅਤੇ ਸਾਨੂੰ ਕਿਹਾ ਕਿ ਉਨ੍ਹਾਂ ਨੇ ਇੱਕ ਦਰਸ਼ਨ ਵੇਖਿਆ ਹੈ ਅਤੇ ਦਰਸ਼ਨ ਵਿੱਚ ਦੂਤਾਂ ਨੇ ਉਨ੍ਹਾਂ ਨੂੰ ਕਿਹਾ ਕਿ ਯਿਸੂ ਜਿਉਂਦਾ ਹੈ।

24. ਸਾਡੇ ਸਮੂਹ ਦੇ ਕੁਝ ਲੋਕ ਵੀ ਕਬਰ ਵੇਖਣ ਲਈ ਗਏ, ਅਤੇ ਉਨ੍ਹਾਂ ਨੇ ਵੀ ਉਹੀ ਕੁਝ ਵੇਖਿਆ ਜੋ ਔਰਤਾਂ ਨੇ ਆਖਿਆ ਸੀ। ਉਨ੍ਹਾਂ ਨੇ ਕਬਰ ਵੇਖੀ ਪਰ ਉੱਥੇ ਯਿਸੂ ਨਾ ਲੱਭਿਆ।”

25. ਤਦ ਯਿਸੂ ਨੇ ਉਨ੍ਹਾਂ ਮਨੁੱਖਾਂ ਨੂੰ ਕਿਹਾ, “ਤੁਸੀਂ ਮੂਰਖ ਹੋ ਅਤੇ ਸਮਝਣ ਵਿੱਚ ਢਿੱਲੇ ਹੋ। ਜੋ ਕੁਝ ਨਬੀਆਂ ਨੇ ਆਖਿਆ ਹੈ ਤੁਹਾਨੂੰ ਉਸ ਸਭ ਕਾਸੇ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ।

26. ਉਨ੍ਹਾਂ ਨੇ ਆਖਿਆ, ਕਿ ਮਸੀਹ ਨੂੰ ਆਪਣੀ ਮਹਿਮਾ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਇਨ੍ਹਾਂ ਸਭ ਕਸ਼ਟਾਂ ਵਿੱਚੋਂ ਲੰਘਣਾ ਜ਼ਰੂਰੀ ਸੀ।”

27. ਫ਼ਿਰ ਯਿਸੂ ਨੇ ਮੁੱਢੋਂ ਮੂਸਾ ਅਤੇ ਹੋਰ ਸਭਨਾਂ ਨਬੀਆਂ ਤੋਂ, ਜੋ ਕੁਝ ਵੀ ਪੋਥੀਆਂ ਵਿੱਚ ਉਸ ਬਾਰੇ ਲਿਖਿਆ ਸੀ, ਵਰਨਣ ਕਰਨਾ ਸ਼ੁਰੂ ਕਰ ਦਿੱਤਾ।

ਚੇਲਿਆਂ ਦੀਆਂ ਅੱਖਾਂ ਖੁੱਲ੍ਹ ਗਈਆਂ

28. ਜਦੋਂ ਉਹ ਇੰਮਊਸ ਸ਼ਹਿਰ ਦੇ ਨੇੜੇ ਪਹੁੰਚੇ ਤਾਂ ਉਸ ਨੇ ਉੱਥੇ ਨਾ ਰੁਕਦੇ ਹੋਏ ਅੱਗੇ ਨੂੰ ਜਾਣ ਦਾ ਇਸ਼ਾਰਾ ਕੀਤਾ।

29. ਪਰ ਉਨ੍ਹਾਂ ਨੇ ਜੋਰ ਪੂਰਵਕ ਉਸ ਨੂੰ ਬੇਨਤੀ ਕੀਤੀ, “ਸਾਡੇ ਨਾਲ ਠਹਿਰ ਜਾ, ਕਾਫ਼ੀ ਸਮਾਂ ਹੋ ਗਿਆ ਹੈ, ਲੱਗਭੱਗ ਰਾਤ ਹੋ ਗਈ ਹੈ।” ਤਾਂ ਉਹ ਉਨ੍ਹਾਂ ਨਾਲ ਠਹਿਰਨ ਲਈ ਅੰਦਰ ਚੱਲਿਆ ਗਿਆ।

30. ਤਦ ਯਿਸੂ ਉਨ੍ਹਾਂ ਨਾਲ ਰੋਟੀ ਖਾਣ ਲਈ ਬੈਠ ਗਿਆ ਅਤੇ ਉਸ ਨੇ ਰੋਟੀ ਹੱਥ ਵਿੱਚ ਫ਼ੜਕੇ ਧੰਨਵਾਦ ਕੀਤਾ। ਫ਼ੇਰ ਉਸ ਨੇ ਰੋਟੀ ਤੋੜੀ ਅਤੇ ਉਨ੍ਹਾਂ ਨੂੰ ਦੇ ਦਿੱਤੀ।

31. ਉਸ ਵਕਤ ਉਨ੍ਹਾਂ ਮਨੁੱਖਾਂ ਦੀਆਂ ਅੱਖਾਂ ਖੁਲ੍ਹੀਆਂ ਅਤੇ ਉਨ੍ਹਾਂ ਨੇ ਯਿਸੂ ਨੂੰ ਪਛਾਣ ਲਿਆ। ਪਰ ਜਦੋਂ ਉਹ ਉਸ ਨੂੰ ਵੇਖਣ ਲੱਗੇ ਤਾਂ ਉਹ ਅਲੋਪ ਹੋ ਗਿਆ।

32. ਜਦੋਂ ਰਾਹ ਵਿੱਚ ਯਿਸੂ ਸਾਡੇ ਨਾਲ ਗੱਲ ਕਰ ਰਿਹਾ ਸੀ ਅਤੇ ਸਾਨੂੰ ਪੋਥੀਆਂ ਦੇ ਸੱਚੇ ਅਰੱਥਾਂ ਦੀ ਵਿਆਖਿਆ ਕਰ ਰਿਹਾ ਸੀ ਤਾਂ ਇਹ ਸਾਡੇ ਦਿਲਾਂ ਅੰਦਰ ਅੱਗ ਮੱਚਣ ਵਾਂਗ ਸੀ।

33. ਉਹ ਤੁਰੰਤ ਹੀ ਉੱਠੇ ਅਤੇ ਯਰੂਸ਼ਲਮ ਨੂੰ ਮੁੜੇ। ਉੱਥੇ ਉਨ੍ਹਾਂ ਨੇ ਗਿਆਰਾਂ ਰਸੂਲਾਂ ਅਤੇ ਬਾਕੀ ਚੇਲਿਆਂ ਨੂੰ ਇਕੱਠੇ ਹੋਏ ਦੇਖਿਆ।

34. ਉਹ ਕਹਿ ਰਹੇ ਸਨ, “ਪ੍ਰਭੂ ਯਿਸੂ ਸੱਚਮੁੱਚ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਉਹ ਸ਼ਮਊਨ ਪਤਰਸ ਨੂੰ ਵਿਖਾਈ ਵੀ ਦਿੱਤਾ ਹੈ।”

35. ਤਦ ਉਨ੍ਹਾਂ ਦੋਹਾਂ ਮਨੁੱਖਾਂ ਨੇ, ਰਸਤੇ ਵਿੱਚ ਜੋ ਘਟਨਾ ਵਾਪਰੀ ਸੀ ਉਨ੍ਹਾਂ ਨੂੰ ਉਸਦਾ ਹਾਲ ਸੁਣਾਇਆ। ਉਹਨਾਂ ਨੇ ਇਹ ਵੀ ਜਾਕੇ ਦੱਸਿਆ ਕਿ ਉਨ੍ਹਾਂ ਨੂੰ ਯਿਸੂ ਦੀ ਪਛਾਣ ਤਦ ਆਈ ਜਦੋਂ ਉਹ ਰੋਟੀ ਤੋੜ ਰਿਹਾ ਸੀ।

ਯਿਸੂ ਆਪਣੇ ਚੇਲਿਆਂ ਨੂੰ ਪ੍ਰਗਟ ਹੁੰਦਾ ਹੈ

36. ਯਿਸੂ ਦਾ ਆਪਣੇ ਚੇਲਿਆਂ ਅੱਗੇ ਪ੍ਰਗਟ ਹੋਣਾ ਜਦੋਂ ਉਹ ਦੋ ਆਦਮੀ ਇਹ ਗੱਲਾਂ ਦੂਜਿਆਂ ਨੂੰ ਸੁਣਾ ਰਹੇ ਸਨ ਤਾਂ ਯਿਸੂ ਆਇਆ ਅਤੇ ਸਮੂਹ ਵਿੱਚ ਖੜ੍ਹਾ ਹੋ ਗਿਆ ਅਤੇ ਉਨ੍ਹਾਂ ਨੂੰ ਆਖਣ ਲੱਗਾ, “ਤੁਹਾਨੂੰ ਸ਼ਾਂਤੀ ਮਿਲੇ।”

37. ਪਰ ਸਭ ਚੇਲੇ ਵਿਆਕੁਲ ਹੋਕੇ ਡਰ ਗਏ। ਉਹ ਇਹ ਸਮਝੇ ਕਿ ਉਹ ਕਿਸੇ ਭੂਤ ਨੂੰ ਵੇਖ ਰਹੇ ਹਨ।

38. ਪਰ ਯਿਸੂ ਨੇ ਕਿਹਾ, “ਤੁਸੀਂ ਜੋ ਵੇਖ ਰਹੇ ਹੋ ਉਸਤੇ ਸ਼ੰਕਾ ਕਿਉਂ ਕਰ ਰਹੇ ਹੋ?

39. ਵੇਖੋ! ਮੇਰੇ ਹੱਥਾਂ ਅਤੇ ਮੇਰੇ ਪੈਰਾਂ ਵੱਲ ਵੇਖੋ। ਇਹ ਮੈਂ ਹੀ ਹਾਂ, ਮੈਨੂੰ ਛੁਹਕੇ ਵੇਖੋ। ਮੈਂ ਜਿਉਂਦਾ-ਜਾਗਦਾ ਹਾਂ। ਭੂਤ ਦਾ ਸਰੀਰ ਇਵੇਂ ਦਾ ਤਾਂ ਨਹੀਂ ਹੁੰਦਾ।”

40. ਜਦੋਂ ਯਿਸੂ ਨੇ ਉਨ੍ਹਾਂ ਨੂੰ ਇਹ ਕੁਝ ਆਖਿਆ, ਉਸ ਨੇ ਇਸਦੇ ਨਾਲ ਆਪਣੇ ਹੱਥ ਅਤੇ ਪੈਰ ਵਿਖਾਏ।

41. ਚੇਲੇ ਹੈਰਾਨ ਸਨ ਅਤੇ ਯਿਸੂ ਨੂੰ ਜਿਉਂਦਾ ਵੇਖਕੇ ਅਨੰਦ ਨਾਲ ਭਰ ਗਏ। ਪਰ ਅਜੇ ਵੀ ਉਹ ਵਿਸ਼ਵਾਸ ਨਾ ਕਰ ਸੱਕੇ। ਫ਼ਿਰ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਇੱਥੇ ਤੁਹਾਡੇ ਕੋਲ ਖਾਣ ਲਈ ਕੁਝ ਭੋਜਨ ਹੈ?”

42. ਉਨ੍ਹਾਂ ਨੇ ਉਸ ਨੂੰ ਭੁੱਜੀ ਮੱਛੀ ਦਾ ਟੁਕੜਾ ਦਿੱਤਾ।

43. ਯਿਸੂ ਨੇ ਉਨ੍ਹਾਂ ਕੋਲੋਂ ਲੈ ਕੇ ਉਨ੍ਹਾਂ ਦੇ ਸਾਹਮਣੇ ਉਹ ਖਾ ਲਿਆ।

ਸ਼ਾਸਤਰ ਖੋਲ੍ਹਿਆ

44. ਯਿਸੂ ਨੇ ਉਨ੍ਹਾਂ ਨੂੰ ਕਿਹਾ, “ਯਾਦ ਕਰੋ ਜਦੋਂ ਪਹਿਲਾਂ ਮੈਂ ਤੁਹਾਡੇ ਨਾਲ ਸੀ, ਮੈਂ ਤੁਹਾਨੂੰ ਕੀ ਕਿਹਾ ਸੀ ਕਿ ਮੇਰੇ ਬਾਰੇ ਜੋ ਕੁਝ ਵੀ ਮੂਸਾ ਦੀ ਸ਼ਰ੍ਹਾ ਵਿੱਚ, ਨਬੀਆਂ ਦੀਆਂ ਪੁਸਤਕਾਂ ਵਿੱਚ ਅਤੇ ਜ਼ਬੂਰਾਂ ਦੀਆਂ ਪੋਥੀਆਂ ਵਿੱਚ ਲਿਖਿਆ ਗਿਆ ਹੈ, ਸੰਪੂਰਣ ਹੋਣਾ ਚਾਹੀਦਾ ਹੈ।”

45. ਫਿਰ ਯਿਸੂ ਨੇ ਉਨ੍ਹਾਂ ਦੇ ਮਨ ਖੋਲ੍ਹ ਦਿੱਤੇ ਤਾਂ ਜੋ ਉਹ ਪੋਥੀਆਂ ਨੂੰ ਸਮਝ ਸੱਕਣ।

46. ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਇਹੀ ਹੈ ਜੋ ਲਿਖਿਆ ਗਿਆ ਹੈ: ਮਸੀਹ ਜ਼ਰੂਰ ਮਰੇਗਾ ਅਤੇ ਫੇਰ ਮੌਤ ਤੋਂ ਤੀਜੇ ਦਿਨ ਜੀਅ ਉੱਠੇਗਾ।

47. ਜੋ ਕੁਝ ਵਾਪਰਿਆ ਹੈ ਤੁਸੀਂ ਉਸ ਦੇ ਗਵਾਹ ਹੋ। ਹੁਣ ਤੁਹਾਨੂੰ ਜਾਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਦੱਸੋ ਕਿ ਉਹਨਾਂ ਨੂੰ ਆਪਣੇ ਪਾਪਾਂ ਲਈ ਦੁੱਖੀ ਹੋਣਾ ਹੀ ਚਾਹੀਦਾ ਹੈ। ਅਤੇ ਆਪਣੇ ਦਿਲ ਬਦਲ ਲੈਣੇ ਚਾਹੀਦੇ ਹਨ, ਤਾਂ ਹੀ ਪਰਮੇਸ਼ੁਰ ਉਨ੍ਹਾਂ ਦੇ ਪਾਪ ਮਾਫ਼ ਕਰੇਗਾ। ਤੂਹਾਨੂੰ ਇਹ ਸੰਦੇਸ਼ ਮੇਰੇ ਨਾਮ ਤੇ ਯਰੂਸ਼ਲਮ ਤੋਂ ਲੈ ਕੇ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚ ਪਰਚਾਰ ਕਰਨਾ ਚਾਹੀਦਾ ਹੈ।

49. ਸੁਣੋ! ਜੋ ਮੇਰੇ ਪਿਤਾ ਨੇ ਤੁਹਾਡੇ ਨਾਲ ਵਾਦਾ ਕੀਤਾ ਹੈ ਕਿ ਮੈਂ ਤੁਹਾਨੂੰ ਭੇਜਾਂਗਾ। ਪਰ ਜਦ ਤੱਕ ਤੁਸੀਂ ਸਵਰਗ ਤੋਂ ਸ਼ਕਤੀ ਪ੍ਰਾਪਤ ਨਾ ਕਰ ਲਵੋਂ ਓਨਾ ਚਿਰ ਤੁਹਾਨੂੰ ਯਰੂਸ਼ਲਮ ਵਿੱਚ ਰਹਿਣਾ ਪਵੇਗਾ।”

50. ਯਿਸੂ ਦਾ ਸੁਰਗ ਨੂੰ ਪਰਤਨਾ ਯਦ ਯਿਸੂ ਆਪਣੇ ਚੇਲਿਆਂ ਨੂੰ ਯਰੂਸ਼ਲਮ ਤੋਂ ਬਾਹਰ ਬੈਤਅਨੀਆ ਦੇ ਸਾਹਮਣੇ ਲੈ ਗਿਆ। ਉਸ ਨੇ ਆਪਣੇ ਹੱਥ ਉਤਾਂਹ ਨੂੰ ਚੁੱਕੇ ਅਤੇ ਆਪਣੇ ਚੇਲਿਆਂ ਨੂੰ ਅਸੀਸ ਦਿੱਤੀ।

ਅਸੈਂਸ਼ਨ

51. ਜਦੋਂ ਯਿਸੂ ਉਨ੍ਹਾਂ ਨੂੰ ਅਸੀਸ ਦੇ ਰਿਹਾ ਸੀ ਤਾਂ ਉਸ ਨੂੰ ਉਨ੍ਹਾਂ ਤੋਂ ਅਲੱਗ ਕੀਤਾ ਗਿਆ ਅਤੇ ਸੁਰਗ ਵੱਲ ਲਿਜਾਇਆ ਗਿਆ।

52. ਉਸ ਦੇ ਚੇਲੇ ਉੱਥੇ ਉਸਦੀ ਉਪਾਸਨਾ ਕਰਦੇ ਰਹੇ ਅਤੇ ਉਸਤੋਂ ਬਾਦ ਉਹ ਸ਼ਹਿਰ ਵੱਲ ਨੂੰ ਮੁੜ ਆਏ। ਉਹ ਬਹੁਤ ਖੁਸ਼ ਸਨ।

53. ਉਹ ਸਾਰੇ ਪਰਮੇਸ਼ੁਰ ਦੀ ਉਸਤਤਿ ਕਰਦੇ, ਮੰਦਰ ਵਿੱਚ ਰਹੇ।

Bibles

Books

Chapters