ਇੱਕ ਆਦਮੀ ਜਨਮੇ ਅੰਨ੍ਹੇ ਨੂੰ ਦ੍ਰਿਸ਼ਟੀ ਮਿਲਦੀ ਹੈ
1. ਯਿਸੂ ਨੇ ਜਨਮ ਤੋਂ ਅੰਨ੍ਹੇ ਨੂੰ ਰਾਜ਼ੀ ਕੀਤਾ ਜਦੋਂ ਯਿਸੂ ਜਾ ਰਿਹਾ ਸੀ ਤਾਂ ਉਸ ਨੇ ਰਾਹ ਵਿੱਚ ਇੱਕ ਅੰਨ੍ਹਾ ਆਦਮੀ ਵੇਖਿਆ। ਇਹ ਆਦਮੀ ਜਨਮ ਤੋਂ ਹੀ ਅੰਨ੍ਹਾ ਸੀ।
2. ਯਿਸੂ ਦੇ ਚੇਲਿਆਂ ਨੇ ਉਸ ਨੂੰ ਆਖਿਆ, “ਗੁਰੂ, ਇਹ ਆਦਮੀ ਜਨਮ ਤੋਂ ਅੰਨ੍ਹਾ ਹੈ, ਪਰ ਕਿਸ ਦੇ ਪਾਪਾਂ ਦੁਆਰਾ ਉਹ ਅੰਨ੍ਹਾ ਪੈਦਾ ਹੋਇਆ ਹੈ? ਉਸ ਦੇ ਆਪਣੇ ਪਾਪਾਂ ਕਾਰਣ ਜਾਂ ਉਸ ਦੇ ਮਾਂ-ਬਾਪ ਦੇ ਪਾਪਾਂ ਕਾਰਣ?”
3. ਯਿਸੂ ਨੇ ਆਖਿਆ, “ਇਹ ਉਸ ਦੇ ਪਾਪਾਂ ਦਾ ਜਾਂ ਉਸ ਦੇ ਮਾਂ-ਬਾਪ ਦੇ ਪਾਪਾਂ ਦਾ ਨਤੀਜਾ ਨਹੀਂ ਹੈ। ਪਰ ਇਹ ਚੰਗਾ ਹੋਕੇ ਲੋਕਾਂ ਨੂੰ ਪਰਮੇਸ਼ੁਰ ਦੀ ਸ਼ਕਤੀ ਵਿਖਾਉਣ ਵਾਸਤੇ ਅੰਨ੍ਹਾ ਪੈਦਾ ਹੋਇਆ ਸੀ।
4. ਸਾਨੂੰ ਉਸ ਪਰਮੇਸ਼ੁਰ ਦਾ ਕਾਰਜ, ਦਿਨ ਰਹਿੰਦਿਆਂ ਕਰਨਾ ਚਾਹੀਦਾ ਹੈ, ਜਿਸਨੇ ਮੈਨੂੰ ਭੇਜਿਆ ਹੈ। ਕਿਉਂ ਕਿ ਫਿਰ ਰਾਤ ਹੋ ਜਾਵੇਗੀ, ਅਤੇ ਕੋਈ ਵੀ ਰਾਤ ਵੇਲੇ ਕੰਮ ਨਹੀਂ ਕਰ ਸੱਕਦਾ।
5. ਜਦ ਤੀਕ ਮੈਂ ਦੁਨੀਆਂ ਵਿੱਚ ਹਾਂ ਮੈਂ ਦੁਨੀਆਂ ਲਈ ਚਾਨਣ ਹਾਂ।”
6. ਇਹ ਕਹਿਣ ਤੋਂ ਬਾਦ, ਯਿਸੂ ਨੇ ਜ਼ਮੀਨ ਤੇ ਥੁੱਕਿਆ ਅਤੇ ਇਸ ਨਾਲ ਥੋੜ੍ਹੀ ਮਿੱਟੀ ਗਿਲੀ ਕੀਤੀ ਤੇ ਉਸ ਨਾਲ ਉਸ ਅੰਨ੍ਹੇ ਮਨੁੱਖ ਦੀ ਅੱਖ ਤੇ ਲੇਪਿਆ।
7. ਯਿਸੂ ਨੇ ਉਸ ਮਨੁੱਖ ਨੂੰ ਆਖਿਆ, “ਜਾ ਅਤੇ ਸਿਲੋਆਮ ਦੇ ਕੁੰਡ ਵਿੱਚ ਆਪਣੀਆਂ ਅੱਖਾਂ ਧੋ,”(ਸਿਲੋਆਮ ਦਾ ਅਰਥ ਹੈ “ਭੇਜਿਆ ਹੋਇਆ।”) ਇਸ ਲਈ ਉਹ ਕੁੰਡ ਤੇ ਗਿਆ ਅਤੇ ਆਪਣੀਆਂ ਅੱਖਾਂ ਧੋਣ ਤੋਂ ਬਾਦ ਵਾਪਸ ਪਰਤਿਆ। ਹੁਣ ਉਸ ਨੂੰ ਸਭ ਵਿਖਦਾ ਸੀ।
8. ਜਿਨ੍ਹਾਂ ਲੋਕਾਂ ਨੇ ਇਸ ਨੂੰ ਭੀਖ ਮੰਗਦਿਆਂ ਵੇਖਿਆ ਸੀ। ਅਤੇ ਉਸ ਦੇ ਗੁਆਂਢੀਆਂ ਨੇ ਕਿਹਾ, “ਵੇਖੋ ਕੀ ਇਹ ਉਹੀ ਇੱਕ ਨਹੀਂ ਜਿਹੜਾ ਬੈਠਕੇ ਭੀਖ ਮੰਗਦਾ ਹੁੰਦਾ ਸੀ।”
9. ਕੁਝ ਲੋਕਾਂ ਨੇ ਕਿਹਾ, “ਹਾਂ ਉਹੀ ਹੈ।” ਪਰ ਦੂਜੇ ਲੋਕਾਂ ਨੇ ਆਖਿਆ, “ਨਹੀਂ ਇਹ ਉਹ ਆਦਮੀ ਨਹੀਂ ਹੈ, ਇਹ ਉਸ ਦੇ ਵਰਗਾ ਲੱਗਦਾ ਹੈ।” ਪਰ ਉਸ ਆਦਮੀ ਨੇ ਆਖਿਆ, “ਮੈਂ ਉਹੀ ਆਦਮੀ ਹਾਂ।”
10. ਲੋਕਾਂ ਨੇ ਪੁੱਛਿਆ, “ਇਹ ਕਿਵੇਂ ਹੋਇਆ? ਤੈਨੂੰ ਤੇਰੀ ਦ੍ਰਿਸ਼ਟੀ ਕਿਵੇਂ ਪ੍ਰਾਪਤ ਹੋਈ?”
11. ਆਦਮੀ ਨੇ ਉੱਤਰ ਦਿੱਤਾ, “ਯਿਸੂ ਨਾਮੀਂ ਆਦਮੀ ਨੇ ਕੁਝ ਮਿੱਟੀ ਮੇਰੀਆਂ ਅੱਖਾਂ ਉੱਤੇ ਲਾਈ। ਉਸ ਨੇ ਮੈਨੂੰ ਸਿਲੋਮਾਨ ਕੁੰਡ ਤੇ ਧੋਣ ਵਾਸਤੇ ਜਾਣ ਲਈ ਕਿਹਾ। ਜਦ ਮੈਂ ਸਿਲੋਮਾਨ ਕੁੰਡ ਤੇ ਗਿਆ ਅਤੇ ਅੱਖਾਂ ਧੋਤੀਆਂ ਤਾਂ ਮੈਂ ਵੇਖਣ ਯੋਗ ਸੀ।”
12. ਲੋਕਾਂ ਨੇ ਉਸ ਨੂੰ ਆਖਿਆ, “ਉਹ ਕਿੱਥੇ ਹੈ?” ਮਨੁੱਖ ਨੇ ਜਵਾਬ ਦਿੱਤਾ, “ਮੈਂ ਨਹੀਂ ਜਾਣਦਾ।”
ਫ਼ਰੀਸੀ ਚੰਗੇ ਕੀਤੇ ਆਦਮੀ ਨੂੰ ਬਾਹਰ ਕੱਢਦੇ ਹਨ
13. ਯਹੂਦੀਆਂ ਨੇ ਯਿਸੂ ਦੇ ਰਾਜ਼ੀ ਕੀਤੇ ਮਨੁੱਖ ਨੂੰ ਸਵਾਲ ਪੁੱਛੇ ਜਦੋਂ ਲੋਕ ਉਸ ਆਦਮੀ ਨੂੰ, “ਫ਼ਰੀਸੀਆਂ ਕੋਲ ਲਿਆਏ, ਜੋ ਪਹਿਲਾਂ ਅੰਨ੍ਹਾ ਸੀ।
14. ਯਿਸੂ ਨੇ ਗਾਰਾ ਬਣਾਕੇ ਉਸ ਆਦਮੀ ਦੀਆਂ ਅੱਖਾਂ ਨੂੰ ਸਬਤ ਦੇ ਦਿਨ ਚੰਗਾ ਕੀਤਾ ਸੀ।”
15. ਤਾਂ ਇਸ ਵਾਰੀ ਫ਼ਰੀਸੀਆਂ ਨੇ ਉਸ ਮਨੁੱਖ ਨੂੰ ਪੁੱਛਿਆ, “ਤੈਨੂੰ ਆਪਣੀ ਦ੍ਰਿਸ਼ਟੀ ਕਿਵੇਂ ਮਿਲੀ?” ਮਨੁੱਖ ਨੇ ਉੱਤਰ ਦਿੱਤਾ, “ਉਸ ਨੇ ਮੇਰੀਆਂ ਅੱਖਾਂ ਤੇ ਚਿੱਕੜ ਲਾਇਆ, ਮੈਂ ਅੱਖਾਂ ਧੋਤੀਆਂ ਅਤੇ ਹੁਣ ਮੈਂ ਵੇਖ ਸੱਕਦਾ ਹਾਂ।”
16. ਕੁਝ ਫ਼ਰੀਸੀਆਂ ਨੇ ਆਖਿਆ, “ਇਹ ਮਨੁੱਖ ਪਰਮੇਸ਼ੁਰ ਵੱਲੋਂ ਨਹੀਂ ਹੈ ਕਿਉਂਕਿ ਇਹ ਸਬਤ ਦੇ ਦਿਨ ਦੇ ਨੇਮ ਨੂੰ ਵੀ ਨਹੀਂ ਰੱਖ ਰਿਹਾ। ਇਸ ਲਈ ਉਹ ਪਰਮੇਸ਼ੁਰ ਵੱਲੋਂ ਨਹੀਂ ਹੈ।” ਕੁਝ ਇੱਕ ਹੋਰ ਲੋਕਾਂ ਨੇ ਆਖਿਆ, “ਕੀ ਇੱਕ ਪਾਪੀ ਆਦਮੀ ਅਜਿਹੇ ਕਰਿਸ਼ਮੇ ਕਰ ਸੱਕਦਾ ਹੈ।” ਯਹੂਦੀ ਇਸ ਗੱਲ ਉੱਪਰ ਆਪਸ ਵਿੱਚ ਸਹਿਮਤ ਨਾ ਹੋਏ।
17. ਯਹੂਦੀਆਂ ਦੇ ਆਗੂਆਂ ਨੇ ਉਸ ਆਦਮੀ ਨੂੰ ਦੁਬਾਰਾ ਪੁੱਛਿਆ, “ਉਹ ਮਨੁੱਖ ਜਿਸਨੇ ਤੈਨੂੰ ਰਾਜ਼ੀ ਕੀਤਾ, ਜਿਸ ਕਰਕੇ ਹੁਣ ਤੂੰ ਵੇਖ ਸੱਕਦਾ ਹੈ। ਤੂੰ ਉਸ ਆਦਮੀ ਬਾਰੇ ਕੀ ਆਖਦਾ ਹੈ?” ਉਸ ਆਦਮੀ ਨੇ ਕਿਹਾ, “ਉਹ ਇੱਕ ਨਬੀ ਹੈ।”
18. ਜਦੋਂ ਤੱਕ ਉਸ ਦੇ ਮਾਪਿਆਂ ਨੂੰ ਨਹੀਂ ਸੱਦਿਆ ਯਹੂਦੀਆਂ ਨੇ ਇਹ ਵਿਸ਼ਵਾਸ ਨਹੀਂ ਕੀਤਾ ਕਿ ਉਹ ਆਦਮੀ ਅੰਨ੍ਹਾ ਸੀ ਅਤੇ ਰਾਜ਼ੀ ਕੀਤਾ ਗਿਆ ਸੀ।
19. ਯਹੂਦੀਆਂ ਨੇ ਉਸ ਦੇ ਮਾਂ-ਬਾਪ ਨੂੰ ਪੁੱਛਿਆ, “ਕੀ ਇਹ ਮਨੁੱਖ ਤੁਹਾਡਾ ਪੁੱਤਰ ਹੈ? ਤੁਸੀਂ ਆਖਦੇ ਹੋ ਕਿ ਇਹ ਅੰਨ੍ਹਾ ਜਨਮਿਆਂ ਸੀ ਤਾਂ ਇਹ ਹੁਣ ਕਿਵੇਂ ਵੇਖ ਸੱਕਦਾ ਹੈ?”
20. ਉਸ ਦੇ ਮਾਪਿਆਂ ਨੇ ਆਖਿਆ, “ਅਸੀਂ ਜਾਣਦੇ ਹਾਂ ਕਿ ਇਹ ਸਾਡਾ ਪੁੱਤਰ ਹੈ ਅਤੇ ਜਦੋਂ ਇਹ ਜਨਮਿਆਂ ਸੀ ਤਾਂ ਅੰਨ੍ਹਾ ਸੀ।
21. ਪਰ ਸਾਨੂੰ ਇਹ ਨਹੀਂ ਪਤਾ ਕਿ ਹੁਣ ਇਸ ਨੂੰ ਕਿਵੇਂ ਦਿਸਦਾ ਹੈ। ਅਸੀਂ ਨਹੀਂ ਜਾਣਦੇ ਕਿ ਉਸਦੀਆਂ ਅੱਖਾਂ ਕਿਸਨੇ ਚੰਗੀਆਂ ਕੀਤੀਆਂ ਹਨ। ਤੁਸੀਂ ਉਸ ਨੂੰ ਪੁੱਛੋ। ਉਹ ਬੱਚਾ ਨਹੀਂ ਹੈ ਵੱਡਾ ਹੈ ਅਤੇ ਉਹ ਆਪਣੇ ਬਾਰੇ ਤੁਹਾਡੇ ਸਵਾਲਾਂ ਦੇ ਜਵਾਬ ਦੇ ਸੱਕਦਾ ਹੈ।”
22. ਉਸ ਦੇ ਮਾਪਿਆਂ ਨੇ ਇਹ ਇਸ ਲਈ ਆਖਿਆ, ਕਿਉ ਕਿ ਉਹ ਯਹੂਦੀ ਆਗੂਆਂ ਤੋਂ ਡਰਦੇ ਸਨ। ਯਹੂਦੀ ਆਗੂਆਂ ਨੇ ਪਹਿਲਾਂ ਹੀ ਫ਼ੈਸਲਾ ਕਰ ਲਿਆ ਸੀ ਕਿ ਉਹ ਉਸ ਮਨੁੱਖ ਨੂੰ ਪ੍ਰਾਰਥਨਾ ਸਥਾਨ ਵਿੱਚੋਂ ਕੱਢ ਦੇਣਗੇ ਜੋ ਇਹ ਆਖੇਗਾ ਕਿ ਯਿਸੂ ਮਸੀਹ ਹੈ।
23. ਇਸੇ ਲਈ ਉਸ ਦੇ ਮਾਪਿਆਂ ਨੇ ਆਖਿਆ, “ਉਹ ਕਾਫ਼ੀ ਸਿਆਣਾ ਹੈ, ਉਸ ਨੂੰ ਹੀ ਪੁੱਛ ਲਵੋ।”
24. ਯਹੂਦੀ ਆਗੂਆਂ ਨੇ ਉਸ ਆਦਮੀ ਨੂੰ, ਜੋ ਪਹਿਲਾਂ ਅੰਨ੍ਹਾ ਸੀ, ਦੂਜੀ ਵਾਰੀ ਬੁਲਾਇਆ ਅਤੇ ਆਖਿਆ, “ਤੂੰ ਪਰਮੇਸ਼ੁਰ ਦੇ ਸਾਹਮਣੇ ਸੱਚ ਬੋਲ ਅਸੀਂ ਜਾਣਦੇ ਹਾਂ ਕਿ ਉਹ ਮਨੁੱਖ (ਯਿਸੂ) ਪਾਪੀ ਹੈ।”
25. ਉਸ ਮਨੁੱਖ ਨੇ ਆਖਿਆ, “ਮੈਂ ਨਹੀਂ ਜਾਣਦਾ ਕਿ ਉਹ ਪਾਪੀ ਹੈ ਜਾਂ ਨਹੀਂ। ਮੈਂ ਸਿਰਫ਼ ਇੱਕ ਹੀ ਗਲ ਜਾਣਦਾ ਹਾਂ ਕਿ ਮੈਂ ਅੰਨ੍ਹਾ ਸੀ ਅਤੇ ਹੁਣ ਮੈਂ ਵੇਖ ਸੱਕਦਾ ਹਾਂ।”
26. ਯਹੂਦੀਆਂ ਦੇ ਆਗੂਆਂ ਨੇ ਆਖਿਆ, “ਉਸ ਨੇ ਤੈਨੂੰ ਕੀ ਕੀਤਾ? ਉਸ ਨੇ ਕਿਵੇਂ ਤੇਰੀਆਂ ਅੱਖਾਂ ਚੰਗੀਆਂ ਕੀਤੀਆਂ?”
27. ਮਨੁੱਖ ਨੇ ਆਖਿਆ, “ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਪਰ ਤੁਸੀਂ ਨਹੀਂ ਸੁਣਿਆ। ਤੁਸੀਂ ਉਹੀ ਗੱਲ ਫ਼ੇਰ ਤੋਂ ਸੁਣਨੀ ਕਿਉਂ ਪਸੰਦ ਕਰਦੇ ਹੋ? ਕੀ ਤੁਸੀਂ ਵੀ ਉਸ ਦੇ ਚੇਲੇ ਬਣਨਾ ਚਾਹੁੰਦੇ ਹੋ?”
28. ਯਹੂਦੀਆਂ ਦੇ ਆਗੂ ਬੜੇ ਕਰੋਧ ਵਿੱਚ ਆਏ ਅਤੇ ਫਿਰ ਉਸ ਆਦਮੀ ਨੂੰ ਬੜਾ ਬੁਰਾ ਭਲਾ ਕਿਹਾ ਅਤੇ ਆਖਿਆ, “ਤੂੰ ਉਸ ਆਦਮੀ ਦਾ ਚੇਲਾ ਹੈ। ਤੇ ਅਸੀਂ ਮੂਸਾ ਦੇ ਚੇਲੇ ਹਾਂ।
29. ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਕੀਤੀ ਸੀ, ਪਰ ਇਸ ਆਦਮੀ ਬਾਰੇ, ਅਸੀਂ ਨਹੀਂ ਜਾਣਦੇ ਕਿ ਉਹ ਕਿੱਥੋਂ ਆਇਆ ਹੈ।”
30. ਉਸ ਮਨੁੱਖ ਨੇ ਕਿਹਾ, “ਇਹ ਬੜੀ ਅਜੀਬ ਗੱਲ ਹੈ। ਤੁਸੀਂ ਨਹੀਂ ਜਾਣਦੇ ਕਿ ਯਿਸੂ ਕਿੱਥੋਂ ਆਇਆ ਹੈ। ਪਰ ਇਸਨੇ ਮੇਰੀਆਂ ਅੱਖਾਂ ਰਾਜੀ ਕੀਤੀਆਂ ਹਨ।
31. ਅਸੀਂ ਸਭ ਜਾਣਦੇ ਹਾਂ ਕਿ ਪਰਮੇਸ਼ੁਰ ਪਾਪੀਆਂ ਦੀ ਨਹੀਂ ਸੁਣਦਾ। ਪਰ ਪਰਮੇਸ਼ੁਰ ਉਸ ਵਿਅਕਤੀ ਨੂੰ ਸੁਣਦਾ ਹੈ ਜੋ ਸ਼ਰਧਾਲੂ ਹੈ ਅਤੇ ਉਸ ਦੇ ਹੁਕਮਾਂ ਦਾ ਆਗਿਆਕਾਰੀ ਹੈ।
32. ਇਹ ਪਹਿਲੀ ਵਾਰ ਹੈ ਕਿ ਕਿਸੇ ਨੇ ਅੰਨ੍ਹੇ ਜਨਮੇ ਆਦਮੀ ਦੀਆਂ ਅੱਖਾਂ ਚੰਗੀਆਂ ਕੀਤੀਂ ਹੋਣ।
33. ਇਹ ਮਨੁੱਖ ਜ਼ਰੂਰ ਪਰਮੇਸ਼ੁਰ ਵੱਲੋਂ ਹੋਵੇਗਾ। ਜੇਕਰ ਉਹ ਪਰਮੇਸ਼ੁਰ ਵੱਲੋਂ ਨਹੀਂ ਆਇਆ, ਤਾਂ ਉਹ ਅਜਿਹੀ ਗੱਲ ਕਰਨ ਯੋਗ ਨਾ ਹੁੰਦਾ।”
34. ਯਹੂਦੀਆਂ ਦੇ ਆਗੂਆਂ ਨੇ ਜਵਾਬ ਦਿੱਤਾ, “ਤੂੰ ਪਾਪਾਂ ਵਿੱਚ ਜੰਮਿਆ ਸੀ। ਕੀ ਤੂੰ ਸਾਨੂੰ ਸਿੱਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈਂ?” ਫਿਰ ਉਨ੍ਹਾਂ ਨੇ ਉਸ ਨੂੰ ਚੱਲੇ ਜਾਣ ਲਈ ਕਿਹਾ।
ਸੱਚਾ ਦਰਸ਼ਨ ਅਤੇ ਸੱਚਾ ਅੰਨ੍ਹਾਪਨ
35. ਆਤਮਕ ਅੰਨ੍ਹਾਪਨ ਜਦੋਂ ਯਿਸੂ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਉਸ ਆਦਮੀ ਨੂੰ ਇੱਥੋਂ ਜਾਣ ਨੂੰ ਕਿਹਾ ਹੈ ਤਾਂ ਯਿਸੂ ਨੇ ਉਸ ਆਦਮੀ ਨੂੰ ਲੱਭ ਕੇ ਪੁੱਛਿਆ, “ਕੀ ਤੂੰ ਮਨੁੱਖ ਦੇ ਪੁੱਤਰ ਦਾ ਵਿਸ਼ਵਾਸ ਕਰਦਾ ਹੈ?”
36. ਮਨੁੱਖ ਨੇ ਕਿਹਾ, “ਹੇ ਪ੍ਰਭੂ, ਮਨੁੱਖ ਦਾ ਪੁੱਤਰ ਕੌਣ ਹੈ। ਮੈਨੂੰ ਦੱਸੋ ਤਾਂ ਜੋ ਮੈਂ ਉਸ ਵਿੱਚ ਵਿਸ਼ਵਾਸ ਕਰ ਸੱਕਾਂ।”
37. ਮਨੁਖ ਨੇ ਆਖਿਆ, “ਤੂੰ ਉਸ ਨੂੰ ਪਹਿਲਾਂ ਹੀ ਵੇਖਿਆ ਹੈ, ਉਹ ਮਨੁੱਖ ਦਾ ਪੁੱਤਰ ਹੈ ਜੋ ਹੁਣ ਤੇਰੇ ਨਾਲ ਗੱਲਾਂ ਕਰ ਰਿਹਾ ਹੈ।”
38. ਮਨੁਖ ਨੇ ਆਖਿਆ, “ਪ੍ਰਭੂ! ਮੈਂ ਨਿਹਚਾ ਕਰਦਾ ਹਾਂ। ਤੇ ਫਿਰ ਉਸ ਆਦਮੀ ਨੇ ਝੁਕ ਕੇ ਯਿਸੂ ਨੂੰ ਮੱਥਾ ਟੇਕਿਆ।”
39. ਯਿਸੂ ਨੇ ਆਖਿਆ, “ਮੈਂ ਇਸ ਦੁਨੀਆਂ ਤੇ ਨਿਆਂ ਕਰਨ ਲਈ ਆਇਆ ਹਾਂ। ਮੈਂ ਇਸ ਜਗਤ ਤੇ ਇਸ ਲਈ ਆਇਆ ਤਾਂ ਜੋ ਅੰਨ੍ਹੇ ਵੇਖ ਸੱਕਣ ਅਤੇ ਉਹ ਜਿਹੜੇ ਸੋਚਦੇ ਹਨ ਕਿ ਉਹ ਵੇਖ ਸੱਕਦੇ ਹਨ ਅੰਨ੍ਹੇ ਹੋ ਜਾਣ।”
40. ਕੁਝ ਫ਼ਰੀਸੀਆਂ ਨੇ ਜੋ ਯਿਸੂ ਨੇੜੇ ਖੜ੍ਹੇ ਸਨ, ਇਹ ਸੁਣਿਆਂ ਅਤੇ ਆਖਿਆ, “ਕੀ! ਤੇਰਾ ਮਤਲਬ ਇਹ ਹੈ ਕਿ ਅਸੀਂ ਵੀ ਅੰਨ੍ਹੇ ਹਾਂ?”
41. ਯਿਸੂ ਨੇ ਆਖਿਆ, “ਜੇਕਰ ਤੁਸੀਂ ਸੱਚ-ਮੁੱਚ ਅੰਨ੍ਹੇ ਹੁੰਦੇ, ਤਾਂ ਤੁਸੀਂ ਪਾਪ ਦੇ ਦੋਸ਼ੀ ਨਾ ਹੁੰਦੇ। ਪਰ ਹੁਣ ਤੁਸੀਂ ਆਖਦੇ ਹੋ, ਅਸੀਂ ਵੇਖ ਸੱਕਦੇ ਹਾਂ, ਇਸ ਲਈ ਤੁਸੀਂ ਦੋਸ਼ੀ ਹੋਣਾ ਜਾਰੀ ਰੱਖਦੇ ਹੋ।”